Tuesday, October 26, 2010

ਸੰਤ, ਸਿਆਸਤ ਅਤੇ ਪਾਣੀ ਅਨੰਦਪੁਰ ਦਾ!

ਸਿਪਾਹੀ ਮੋਰਚੇ ਸੇ ਉਮਰ ਭਰ ਪੀਛੇ ਨਹੀਂ ਹਟਤਾ,
ਸਿਆਸਤ-ਦਾਂ ਜ਼ਬਾਂ ਦੇ ਕਰ ਬਾ-ਆਸਾਨੀ ਪਲਟਤਾ ਹੈ!
ਉਰਦੂ ਸ਼ਾਇਰ ਮੁਨੱਵਰ ਰਾਨਾ ਦਾ ਇਹ ਸ਼ਿਅਰ ਭਾਵੇਂ ਸਾਡੇ ਦੇਸ਼ ਦੀਆਂ ਤਮਾਮ ਸਿਆਸੀ ਪਾਰਟੀਆਂ ਦੇ ਕਿਰਦਾਰ ਦੀ ਤਰਜ਼ਮਾਨੀ ਕਰਦਾ ਹੈ। ਪਰ ਜਿਹੜਾ ਸਿਆਸਤਦਾਨ ਆਪਣੇ ਨਾਮ ਅੱਗੇ 'ਸੰਤ' ਪਦਵੀ ਲਾਉਂਦਾ ਹੋਵੇ ਅਤੇ ਆਪਣੇ ਤਨ 'ਤੇ ਸੰਤਾਂ ਵਾਲਾ ਲਿਬਾਸ ਵੀ ਪਹਿਨਦਾ ਹੋਵੇ, ਘੱਟ ਤੋਂ ਘੱਟ ਉਸਦੇ ਕੋਲੋਂ ਤਾਂ ਅਜਿਹੀ ਤਵੱਕੋ ਨਹੀਂ ਕੀਤੀ ਜਾਣੀ ਚਾਹੀਦੀ ਕਿ ਉਹ ਅੱਜ ਕੁਝ ਕਹੇ, ਕੱਲ੍ਹ ਨੂੰ ਕੁਝ ਹੋਰ ਹੀ ਫੁਰਮਾਉਣ ਲੱਗ ਪਵੇ! ਜੇ ਉਸਦੀ 'ਕਥਨੀ' ਅਤੇ 'ਕਰਨੀ' ਅਲੱਗ ਅਲੱਗ ਹੋਣ ਤਾਂ ਉਹ ਬੇਸ਼ੱਕ ਮੂੰਹੋਂ ਕਹੇ ਨਾ ਕਹੇ, ਉਹਦਾ ਵਿਵਹਾਰ ਪੁਕਾਰੇਗਾ-

ਦੂਰ ਥੇ ਜਬ ਤੱਕ ਸਿਆਸਤ ਸੇ, ਤੋ ਹਮ ਭੀ ਸਾਫ਼ ਥੇ,
ਕੋਇਲੇ ਕੀ ਕਾਨ ਮੇਂ ਪਹੁੰਚੇ, ਤੋ ਕਾਲ਼ੇ ਹੋ ਗਏ !

ਪੰਜਾਬ ਦੇ 'ਸਾਬਕਾ' ਬਣ ਚੁੱਕੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਬਸਿਡੀਆਂ ਦੇ ਹੱਕਾਂ ਦੀ ਸੁਲਗਦੀ ਚਿੰਗਾਰੀ ਨੂੰ ਭਾਂਬੜ ਬਣਾਉਣ ਦਾ ਬੀੜਾ ਚੁੱਕਿਆ। ਉਹਦੀ ਸੁਰ 'ਚ ਸੁਰ ਮਿਲਾਉਣ ਵਾਲੇ ਚਾਰ ਵਿਧਾਨਕਾਰਾਂ ਵਿਚ ਸੰਤ ਬਾਬਾ ਅਜੀਤ ਸਿੰਘ ਜੀ ਵੀ ਸਨ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਚੁਣੇ ਹੋਏ ਵਿਧਾਇਕ ਹਨ। ਸਿੱਖ ਜਗਤ ਵਿਚ ਉਨ੍ਹਾਂ ਨੂੰ 'ਪਰਿਵਾਰ ਵਿਛੋੜੇ ਵਾਲੇ ਸੰਤ' ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਜਿੱਥੇ ਸ੍ਰੀ ਦਸਮੇਸ਼ ਪਿਤਾ ਦਾ ਪਰਿਵਾਰ ਆਖਰੀ ਵਾਰ ਇਕੱਠਾ ਹੋਇਆ ( ਉਥੋਂ ਹੀ ਇਕ ਦੂਜੇ ਨਾਲੋਂ ਸਦਾ ਲਈ ਵਿਛੋੜੇ ਪੈ ਗਏ ) ਉਸ ਇਤਿਹਾਸਕ ਅਸਥਾਨ ਦੀ ਸੰਤ ਅਜੀਤ ਸਿੰਘ ਜੀ ਨੇ ਕਾਫੀ ਲੰਬਾ ਅਰਸਾ ਸੇਵਾ ਨਿਭਾਈ।

ਹੁਣ ਜਿਸ ਦਿਨ ਮਨਪ੍ਰੀਤ ਬਾਦਲ ਨੇ ਬਗਾਵਤ ਕੀਤੀ ਤਾਂ ਉਸਦੇ ਨਾਲ ਮੋਢੇ 'ਤੇ ਪੀਲਾ ਪਰਨਾ ਰੱਖੀ ਸੰਤ ਜੀ ਵੀ ਹਰੇਕ ਥਾਂ ਨਜ਼ਰੀਂ ਆਏ। ਟੀ. ਵੀ. ਚੈਨਲਾਂ ਅਤੇ ਅਖ਼ਬਾਰਾਂ ਵਿਚ ਵੀ। ਨਾਲ ਹੀ ਮੀਡੀਏ ਵਿਚ ਇਹ ਖ਼ਬਰਾਂ ਵੀ ਆਉਣ ਲੱਗੀਆਂ ਕਿ ਸੰਤ ਜੀ ਨੂੰ ਵਾਪਸ ਬਾਦਲ ਖੇਮੇ ਵਿਚ ਮੋੜ ਕੇ ਲੈ ਆਉਣ ਦੇ ਯਤਨ ਹੋ ਰਹੇ ਹਨ।

ਅਜਿਹੀ ਚੁੰਝ-ਚਰਚਾ ਨੂੰ ਬੰਦ ਕਰਦਿਆਂ ਸੰਤ ਅਜੀਤ ਸਿੰਘ ਜੀ ਨੇ ਹਿੱਕ ਠੋਕਵਾਂ ਬਿਆਨ ਦਾਗਿਆ-

'ਮੈਂ ਅਨੰਦਪੁਰ ਸਾਹਿਬ ਦਾ ਪਾਣੀ ਪੀਤਾ ਹੋਇਆ ਹੈ, ਹੁਣ ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ!'

ਸੰਤ ਜੀ ਦੇ ਇਸ ਕਥਨ ਦੇ ਆਮ ਅਰਥਾਂ ਤੋਂ ਇਲਾਵਾ ਸਿਧਾਂਤਕ ਅਰਥ ਵੀ ਹਨ। ਜਿਵੇਂ ਅਨੰਦਪੁਰ ਸਾਹਿਬ ਵਿਚ ਰਹਿਣ ਕਾਰਨ ਉਸ ਪਾਵਨ ਧਰਤੀ ਦਾ ਪਾਣੀ ਪੀਣ ਦੇ ਨਾਲ ਨਾਲ ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਚੁਲ਼ੇ ਅੰਮ੍ਰਿਤ ਦੇ ਵੀ ਛਕੇ ਹੋਏ ਹੋਣ ਦਾ ਦਾਅਵਾ ਕਰਦਿਆਂ  'ਪਿੱਛੇ ਮੁੜਨ' ਤੋਂ ਇਨਕਾਰ ਕੀਤਾ। ਜਿਵੇਂ ਪਹਿਲੋਂ ਅਰਜ਼ ਕੀਤਾ ਜਾ ਚੁੱਕਾ ਹੈ ਕਿ ਉਹ ਸਿੱਖਾਂ ਦੇ ਸਤਿਕਾਰਯੋਗ 'ਸਾਧ' ਵੀ ਹਨ।

ਇਕ ਸਾਧ ਦੇ ਬਚਨਾਂ ਬਾਬਤ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ-

'ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ' (ਅੰਗ 1204)

ਭਾਵ ਕਿ ਪਹਾੜ, ਧਰਤੀ, ਸਮੁੰਦਰ ਅਤੇ ਪਵਨ ਇੱਧਰ ਉਧਰ ਹੋ ਸਕਦੇ ਹਨ, ਪਰ ਇਕ ਸਾਧ ਦਾ ਬਚਨ ਤ੍ਰੈ-ਕਾਲ ਅਟੱਲ ਹੁੰਦਾ ਹੈ।

ਇਨ੍ਹਾਂ ਸੱਤਰਾਂ ਦੇ ਲਿਖਾਰੀ ਨਾਲ ਵੀ ਇਸ ਵਿਸ਼ੇ ਬਾਰੇ ਫੋਨ 'ਤੇ ਗੱਲਾਂ ਕਰਦਿਆਂ ਸੰਤ ਅਜੀਤ ਸਿੰਘ ਜੀ ਨੇ ਆਪਣੀ ਵਿਸ਼ੇਸ਼ ਅੰਦਾਜ਼ਿ-ਬਿਆਨੀ 'ਚ ਕਿਹ ਸੀ- ''ਹੁਣ ਜੋ ਫੈਸਲਾ ਲੈਂਗੇ, ਮੈਂ ਤੇ ਮਨਪ੍ਰੀਤ ਸਿੰਘ ਦੋਵੇਂ 'ਕੱਠੇ ਹੀ ਲੈਂਗੇ ਭਾਈ!'' ਇਯ ਤੋਂ ਇਲਾਵਾ ਕਨੇਡਾ ਤੋਂ ਪ੍ਰਸਾਰਿਤ ਹੁੰਦੇ ਇਕ ਦੋ ਰੇਡੀਓ ਟਾਕ-ਸ਼ੋਆਂ ਵਿਚ ਵੀ ਬੋਲਦਿਆਂ ਹੋਇਆਂ, ਸੰਤ ਜੀ ਨੇ ਲਏ ਹੋਏ ਫੈਸਲੇ 'ਤੇ ਅਡੋਲ ਰਹਿਣ ਦਾ ਪ੍ਰਣ ਦੁਹਰਾਇਆ!

ਲੇਕਿਨ ਦੋ ਰਾਤਾਂ ਵਿਚ ਹੀ ਕੀ ਕੁਝ ਹੋਇਆ ਅਤੇ ਕਿਵੇਂ ਹੋਇਆ? ਇੱਥੇ ਦੁਹਰਾਉਣ ਦੀ ਲੋੜ ਨਹੀਂ! ਸਾਰਾ ਡਰਾਮਾ ਦੁਨੀਆ ਨੇ ਵੇਖਿਆ। ਇਹ ਲਿਖਤ ਇਸ 'ਚਿੰਤਾ' ਵਿਚ ਨਹੀਂ ਲਿਖੀ ਜਾ ਰਹੀ ਕਿ ਮਨਪ੍ਰੀਤ ਬਾਦਲ ਦਾ ਇਕ ਸਮਰਥਕ ਵਿਧਾਨਕਾਰ ਘਟਿਆ ਕਿਉਂ? ਕਿਸ ਵਿਧਾਨਕਾਰ ਨੇ ਕਿਹੜੇ ਧੜੇ ਦਾ ਹੱਥ ਫੜਨਾ ਹੈ ਤੇ ਕਿਹੜੇ ਦਾ ਛੱਡਣਾ। ਅਜਿਹੀ ਕਲਾਬਾਜ਼ੀ ਮਾਰਨ ਲਈ ਵਿਧਾਨਕਾਰ ਆਜ਼ਾਦ ਹੁੰਦੇ ਨੇ। ਪ੍ਰੰਤੂ ਜਦੋਂ ਕੋਈ ਵਿਧਾਇਕ ਬਣਿਆ 'ਸੰਤ ਅਜੀਤ ਸਿੰਘ' ਪਲਟੀ ਮਾਰਨ ਲੱਗਿਆਂ ਕਲਗੀਧਰ ਪਾਤਸ਼ਾਹ ਦੇ ਵਰੋਸਾਏ ਸ੍ਰੀ ਅਨੰਦਪੁਰ ਸਾਹਿਬ ਦੇ ਪਾਣੀਆਂ ਦੀ ਸਹੁੰ ਚੁੱਕ ਕੇ ਚੌਵੀਆਂ ਘੰਟਿਆਂ ਵਿਚ ਹੀ ਬਦਲ ਜਾਏ ਤਾਂ ਫਿਰ ਸਿੱਖ ਪ੍ਰਚਾਰਕ ਕਿਸ ਮੂੰਹ ਨਾਲ 'ਪੀਵਹੁ ਪਾਹੁਲ ਖੰਡ ਧਾਰ' ਦੀ ਵਾਰ ਗਾਉਣਗੇ?

ਚਲੋ ਖ਼ੈਰ, ਸਿੱਖ ਸ਼ਰਧਾਲੂ-ਨਜ਼ਰਾਂ ਉਡੀਕਣ ਲੱਗੀਆਂ ਕਿ 'ਮਹਾਂ-ਪੁਰਖਾਂ' ਦੀ ਯੂਨੀਅਨ, ਭਾਵ ਸੰਤ ਸਮਾਜ ਜ਼ਰੂਰ ਇਸ ਧਾਰਮਿਕ ਅਵੱਗਿਆ ਦਾ ਨੋਟਿਸ ਲਵੇਗਾ। ਬਿਲਕੁਲ, ਸੰਤ ਸਮਾਜ ਫੌਰਨ ਹਰਕਤ ਵਿਚ ਆ ਗਿਆ। ਪਰ ਉਨ੍ਹਾਂ ਵੱਲੋਂ ਲਏ ਗਏ  'ਐਕਸ਼ਨ' ਵਿਚ ਸੰਤ ਅਜੀਤ ਸਿੰਘ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪਾਣੀ ਦੀ ਬੇ-ਹੁਰਮਤੀ ਦਾ ਕੋਈ ਨਾਂ-ਭੋਗ ਹੀ ਨਹੀਂ ਸੀ। ਮੀਡੀਏ ਵਿਚ ਆਈਆਂ ਖ਼ਬਰਾਂ ਮੁਤਾਬਕ ਸੰਤ ਬਾਬਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਫੌਰਨ 'ਤਲਬ' ਕੀਤਾ ਜਾਵੇ! ਉਸਦਾ ਕਸੂਰ? ਲਓ, ਹਾਲੇ ਕਸੂਰ ਪੁੱਛਦੇ ਹੋ? ਭਾਈ ਸਾਹਿਬ ਜੀ, ਜਿਸ ਦਿਨ ਉਸਨੂੰ ਪੰਜਾਬ ਮੰਤਰੀ ਮੰਡਲ ਵਿਚੋਂ ਕੱਢਿਆ ਗਿਆ, ਸਨਮਾਨਯੋਗ ਸੰਤ ਸਮਾਜ ਨੂੰ ਉਸੇ ਵੇਲੇ ਹੀ ਪਤਾ ਲੱਗ ਗਿਆ- 

'ਓਏ, ਇਸ ਨੇ ਤਾਂ ਦਾਹੜੀ ਕੱਟੀ ਹੋਈ ਐ।' ਕੋਈ ਕਮਲਾ ਪੱਤਰਕਾਰ ਕਹਿ ਬੈਠਾ- 'ਬਾਬਿਓ, ਦਾਹੜੀ ਤਾਂ ਇਹ ਉਦੋਂ ਦੀ ਹੀ ਕੱਟਦਾ ਆ ਰਿਹੈ, ਜਦੋਂ ਇਸ ਨੂੰ ਅੰਮ੍ਰਿਤਸਰ ਵਿਚ ਉਚੇਚਾ ਅੰਮ੍ਰਿਤਪਾਨ ਕਰਵਾਇਆ ਗਿਆ ਸੀ!!'

ਇਹੋ ਜਿਹੇ ਸਵਾਲ ਕਰਨ ਵਾਲੇ ਭੋਲ਼ੇ ਪਾਤਸ਼ਾਹਾਂ ਨੂੰ ਕੌਣ ਸਮਝਾਵੇ ਕਿ ਵੱਡੇ ਬਾਦਲ ਦੇ ਹੁਕਮ ਵਿਚ ਨਿਉਂ ਕੇ ਚੱਲਣ ਵਾਲੇ ਮਨਪ੍ਰੀਤ ਦੀ ਦਾਹੜੀ ਅਤੇ 'ਬਾਗੀ' ਹੋ ਚੁੱਕੇ ਮਨਪ੍ਰੀਤ ਦੀ ਦਾਹੜੀ ਵਿਚ, ਜ਼ਮੀਨ ਅਸਮਾਨ ਦਾ ਫਰਕ ਹੈ। ਇਕ ਛਤਰੀ ਤੋਂ ਉਡਾਰੀ ਮਾਰ ਕੇ ਦੂਜੀ ਛਤਰੀ 'ਤੇ ਬਹਿਣ ਲੱਗਿਆਂ ਜੇ ਅਨੰਦਪੁਰ ਸਾਹਿਬ ਦੇ ਪਾਣੀ ਦਾ ਜ਼ਿਕਰ ਕਿਸੇ ਨੇ ਕਰ ਵੀ ਲਿਆ ਤਾਂ ਕੋਈ ਗੁਨਾਹ ਨਹੀਂ, ਪਰ ਵੱਡੇ ਫ਼ਿਲਾਸਫਰ ਮਨਪ੍ਰੀਤ ਬਾਦਲ ਨੂੰ 'ਅਕਲ ਦੇਣੀ' ਜ਼ਰੂਰੀ ਹੈ!!

ਅਬ ਝੂਠ ਕੀ ਪਨਾਹ ਮੇਂ ਹਰ ਚੀਜ਼ ਆ ਗਈ
ਸੱਚ ਮਰ ਗਯਾ ਹੈ ਦੇਖਿਯੇ, ਸੱਚ ਬੋਲਤੇ ਹੈਂ ਲੋਗ!
ਤਰਲੋਚਨ ਸਿੰਘ ਦੁਪਾਲਪੁਰ
(408-903-9952)