Wednesday, October 27, 2010

ਪੰਥਕ ਸਰਕਾਰ ਦੇ ਸੰਵਿਧਾਨਕ ਫਰਜ਼!

ਆਸਤਿਕ ਲੋਕਾਂ ਦੇ ਮੂੰਹੋਂ ਰੱਬ ਬਾਰੇ ਤਾਂ ਇਹ ਗੱਲ ਬਹੁਤ ਵਾਰ ਸੁਣੀ ਹੈ ਕਿ ਉਹਦੇ ਹੁਕਮ ਬਗੈਰ ਪੱਤਾ ਵੀ ਨਹੀਂ ਝੁੱਲਦਾ। ਪਰ ਇਤਨੀ ਸਮਰੱਥਾ ਕੀ ਕਿਸੇ ਸਿਆਸੀ ਆਗੂ ਵਿਚ ਵੀ ਹੋ ਸਕਦੀ ਹੈ? ਜੀ ਹਾਂ, ਹੋ ਸਕਦੀ ਨਹੀਂ, ਹੁੰਦੀ ਹੈ। ਪੰਰਤੂ ਅਜਿਹੀ ਅਗੰਮੀ ਸ਼ਕਤੀ ਵਿਰਲੇ ਆਗੂਆਂ ਦੇ ਹਿੱਸੇ ਹੀ ਆਉਂਦੀ ਹੈ। ਜੋ ਐਨ ਸਰਬ ਸ਼ਕਤੀਮਾਨ ਰੱਬ ਵਾਂਗ ਹੀ ਚਲਦੀ ਹਵਾ ਰੋਕ ਸਕਦੇ ਹਨ। ਦਰਿਆਵਾਂ ਦੇ ਵਹਿਣ ਬਦਲ ਸਕਦੇ ਹਨ। ਲੱਖਾਂ ਲੋਕਾਂ ਦੀ ਜ਼ੁਬਾਨ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਬੇ-ਜ਼ਬਾਨੇ ਬਣਾ ਸਕਦੇ ਹਨ। ਹਜ਼ਾਰਾਂ ਲੋਕਾਂ ਨੂੰ ਪੀ. ਟੀ. ਕਰਵਾ ਰਹੇ ਫੌਜੀ ਵਾਂਗ ‘ਵਿਸ਼ਰਾਮ’ ਕਹਿ ਕੇ ਪੱਥਰ ਦੀਆਂ ਮੂਰਤੀਆਂ ਵਾਂਗ ਅਹਿਲ ਤੇ ਅਡੋਲ ਖੜ੍ਹੇ ਰਹਿਣ ਲਈ ਮਜਬੂਰ ਕਰ ਸਕਦੇ ਹਨ। ਜ਼ਿੰਦਾਬਾਦ ਜਾਂ ਮੁਰਦਾਬਾਦ ਦਾ ਹੋ-ਹੱਲਾ ਮਚਾ ਰਹੀਆਂ ਭੀੜਾਂ ਨੂੰ ਮੂਕ ਦਰਸ਼ਕਾਂ ਵਿਚ ਬਦਲ ਸਕਦੇ ਹਨ। ਜੋ ਚੁਟਕੀ ਵਿਚ ਹੋਣੀ ਨੂੰ ਅਣਹੋਣੀ ਬਣਾਉਣ ਦੇ ਸਮਰੱਥ ਹੁੰਦੇ ਨੇ! ਇਤਿਹਾਸ ਦੀ ਧੂੜ ਵਿਚੋਂ ਅਜਿਹੇ ਬਾਹੂਬਲੀਏ ਲੱਭਣ ਦੀ ਬਜਾਏ ਤੁਸੀਂ ਐਸੇ ਜਿਊਂਦੇ-ਜਾਗਦੇ, ਗੂੰਜਾਂ ਪਾ ਰਹੇ ਸਿਆਸਤਦਾਨ ਦੇ ਦਰਸ਼ਨ ਕਰ ਸਕਦੇ ਹੋ ਜਿਸ ਵਿਚ ਉਪਰੋਕਤ ਸੱਭੇ ਅਦਭੁਤ ਸ਼ਕਤੀਆਂ ਸਾਫ ਦਿਖਾਈ ਦਿੰਦੀਆਂ ਹਨ।

ਸਮਾਂ, ਇਸੇ ਅਕਤੂਬਰ ਮਹੀਨੇ ਦੀ 14 ਤੋਂ 16 ਤਰੀਕ ਤੱਕ ਦਾ। ਧਰਤੀ ਪੰਜਾਬ ਦੀ, ਵਿਧਾਨ ਸਭਾ ਹਲਕਾ ਗਿੱਦੜਬਾਹਾ। ਪੰਜਾਬ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤਾਜ਼ਾ ਤਾਜ਼ਾ ‘ਸਾਬਕਾ’ ਬਣ ਕੇ ਆਪਣੇ ਹਲਕੇ ਵਿਚ ਪਹੁੰਚਿਆ। ਉਸ ਨੇ ਤੱਤੇ-ਘਾਹ ਐਲਾਨ ਕਰ ਦਿੱਤਾ ਕਿ ਉਹ 16 ਅਕਤੂਬਰ ਨੂੰ ਆਪਣੇ ਪ੍ਰਸ਼ੰਸਕਾਂ ਦਾ ਵਿਸ਼ਾਲ ਇਕੱਠ ਕਰੇਗਾ। ਹਲਕੇ ਦੇ ਛੋਟੇ-ਬੜੇ ਆਗੂਆਂ ਸਮੇਤ ਉਸਦੇ ਸਾਰੇ ਸਮਰਥਕਾਂ ਨੇ ਕਾਨਫਰੰਸ ਵਿਚ ਸ਼ਾਮਲ ਹੋਣ ਦੀ ਸਹਿਮਤੀ ਪ੍ਰਗਟਾ ਦਿੱਤੀ। ਇਕੱਠ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਬਣਾਉਣ ਲਈ ਮਨਪ੍ਰੀਤ ਅੱਡੀਆਂ ਚੁੱਕ ਕੇ ਸਰਗਰਮ ਹੋ ਗਿਆ।

ਇਧਰ ਆਪਣੇ ਸ਼ਰੀਕ ਦੀ ਪੈੜ ਦੱਬਦਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਸਾਰੇ ਰੁਝੇਵੇਂ ਰੱਦ ਕਰਕੇ ਗਿੱਦੜਬਾਹੇ ਜਾ ਗੱਜਿਆ। ਜਾਂਦੇ ਸਾਰ ਉਸਨੇ ਮਨਪ੍ਰੀਤ ਦੇ ਚਹੇਤੇ ਅਫ਼ਸਰਾਂ ਦੀਆਂ ਥੋਕ ਦੇ ਭਾਅ ਬਦਲੀਆਂ ਕਰਕੇ ਉਨ੍ਹਾਂ ਨੂੰ ਦੂਰ-ਦੂਰ ਚੱਕ ਮਾਰਿਆ। ਜਿ਼ਲਾ ਜਥੇਦਾਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਅਕਾਲੀਆਂ (ਇਥੇ ‘ਬਾਦਲਕਿਆਂ’ ਸ਼ਬਦ ਵਧੇਰੇ ਢੁਕਦਾ ਹੈ) ਨੂੰ ਠੋਕ ਵਜਾ ਕੇ ਹੁਕਮ ਚਾੜ੍ਹ ਦਿੱਤੇ ਕਿ ਉਨ੍ਹਾਂ ਦਾ ਮਨਪ੍ਰੀਤ ਦੀ ਰੈਲੀ ‘ਚ ਪਹੁੰਚਣਾ ਤਾਂ ਕਿਤੇ ਰਿਹਾ, ਰੈਲੀ ਸਥਾਨ ਵੱਲ ਨੂੰ ਮੂੰਹ ਕੀਤਾ ਹੋਇਆ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਲਕੇ ਦੇ ਸਮੁੱਚੇ ਸਰਕਾਰੀ ਤੰਤਰ ਦਾ ਡੰਡਾ-ਚਾੜ੍ਹ ਹੁਕਮ ਦਿੱਤਾ ਗਿਆ ਕਿ ਰੈਲੀ ਵਿਚ ਚਿੜੀ ਨਾ ਫਟਕੇ। ਹੋਰ ਤਾਂ ਹੋਰ ਇਤਿਹਾਸਕ ਗੁਰਦੁਆਰਾ ਗੁਪਤਸਰ ਸਾਹਿਬ ਦੇ ਪ੍ਰਬੰਧਕਾਂ ਨੂੰ ਗੁਪਤ ਨਹੀਂ ਸਗੋਂ ਕੰਨ ਮਰੋੜ ਸੰਦੇਸ਼ ਭੇਜ ਦਿੱਤਾ। ਉਨ੍ਹਾਂ ਨੇ ਫੌਰਨ ਦਰਵਾਜਿ਼ਆਂ ਨੂੰ ਜਿੰਦਰੇ ਠੋਕ ਦਿੱਤੇ। ਪੁਲਿਸ ਤੰਤਰ ਪੂਰੀ ਮੁਸਤੈਦੀ ਨਾਲ ਗਸ਼ਤ ਕਰਨ ਲੱਗਾ।

ਜਿਹੜੇ ਆਗੂਆਂ ਜਾਂ ਵਰਕਰਾਂ ਨੇ ਇਕ ਰਾਤ ਪਹਿਲਾਂ ਬਾਹਾਂ ਕੱਢ-ਕੱਢ ਹਿੱਕਾਂ ਥਾਪੜਦਿਆਂ ਮਨਪ੍ਰੀਤ ਦੀ ਰੈਲੀ ‘ਚ ਸ਼ਾਮਲ ਹੋਣ ਦੇ ਵਾਅਦੇ ਕੀਤੇ ਸਨ, ਉਹ ਦਿਨ ਚੜ੍ਹਦੇ ਨੂੰ ਪਤਾ ਨਹੀਂ ਕਿਧਰ ਛਾਊਂ-ਮਾਊਂ ਹੋ ਗਏ। ਜੋਸ਼ ਵਿਚ ਆਏ ਵਿਚਾਰੇ ਮਨਪ੍ਰੀਤ ਨੂੰ ਗਿਣਤੀ ਦੇ ਸਾਧਾਰਨ ਜਿਹੇ ਮਲਵਈਆਂ ਨਾਲ ਬੁੱਤਾ ਸਾਰਨਾ ਪਿਆ।

ਮਨਪ੍ਰੀਤ ਨਾਲ ਬਗਲਗੀਰ ਹੋਣ ਵਾਲੇ ਬਿਆਸ ਹਲਕੇ ਦੇ ਵਿਧਾਨਕਾਰ ਸ. ਮਨਜਿੰਦਰ ਸਿੰਘ ਕੰਗ ਨਾਲ ਤਾਂ ਏਦੂੰ ਵੀ ਵੱਧ ਬੁਰੀ ਹੋਈ। ਚੰਡੀਗੜ੍ਹੋਂ ਬਿਆਸ ਨੂੰ ਤੁਰਿਆ ਹੋਇਆ ਉਹ ਹਾਲੇ ਕਿਤੇ ਅੱਧ ਵਿਚਾਲੇ ਹੀ ਸੀ ਕਿ ਸੁਖਬੀਰ ਬਾਦਲ ਦੇ ‘ਵਿਸ਼ੇਸ਼ ਦੂਤਾਂ’ ਨੇ ਬਿਆਸ ਹਲਕੇ ਦਾ ਚੱਪਾ-ਚੱਪਾ ਗਾਹ ਮਾਰਿਆ। ਆਪਣੇ ‘ਆਕਾ’ ਦੇ ਸਖ਼ਤ ਸੁਨੇਹੇ ਥਾਉਂ-ਥਾਈਂ ਪਹੁੰਚਾ ਦਿੱਤੇ। ਸਰਕਾਰੀ ਤੰਤਰ ਨੇ ਇਥੇ ਵੀ ‘ਉਪਰੋਂ’ ਆਏ ਆਦੇਸ਼ਾਂ ਨੂੰ ਸਿਰ ਮੱਥੇ ਕਬੂਲਦਿਆਂ ਸ. ਕੰਗ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਅਕਾਲੀਆਂ ਨੂੰ ‘ਬਾਦਲਕਿਆਂ’ ਵਿਚ ਤਬਦੀਲ ਕਰ ਦਿੱਤਾ। ਬੜੀਆਂ ਆਸਾਂ-ਉਮੀਦਾਂ ਨਾਲ ਆਪਣੇ ਹਲਕੇ ‘ਚ ਆਇਆ ਭਾਈ ਕੰਗ ਹੱਕਾ-ਬੱਕਾ ਹੀ ਰਹਿ ਗਿਆ। ਮੁੱਕਦੀ ਗੱਲ, ਦੋਹੀਂ ਥਾਈਂ ਉਪ ਮੁੱਖ ਮੰਤਰੀ ਨੇ ਕੁਝ ਹੀ ਘੰਟਿਆਂ ਵਿਚ ਐਸਾ ਝੁਰਲੂ ਫੇਰਿਆ ਕਿ

‘ਨਰ ਚਾਹਤ ਕਿਛੁ ਅਉਰ ਅਉਰੈ ਕੀ ਅਉਰੈ ਭਈ॥’

ਵਾਲੀ ਸਥਿਤੀ ਬਣ ਗਈ। ਮਨਪ੍ਰੀਤ ਜਾਂ ਉਸਦੇ ਸਾਥੀ ਬਾਗੀ ਵਿਧਾਨਕਾਰਾਂ ਦਾ ਨਾਂ ਲੈਣ ਤੋਂ ਵੀ ਲੋਕੀਂ ਘਬਰਾਉਣ ਲੱਗੇ। ਉਪ ਮੁੱਖ ਮੰਤਰੀ ਕਰਾਮਾਤੀ ਆਗੂ ਸਾਬਤ ਹੋ ਗਿਆ ਕਿ ਨਾ?

ਅੱਛਾ, ਹੁਣ ਜ਼ਰਾ ਆਪਣੀਆਂ ਚਿੱਤ-ਬਿਰਤੀਆਂ ਨੂੰ ਕੁਝ ਕੁ ਮਹੀਨੇ ਅਤੀਤ ਵੱਲ ਜਾਣ ਦਿਓ। ਏਹੀ ਬਾਦਲ ਸਰਕਾਰ ਸੀ, ਅੱਜ ਵਾਲਾ ਹੀ ਉਪ ਮੁੱਖ ਮੰਤਰੀ। ਸਥਾਨ, ਪੰਜਾਬ ਦਾ ਹੀ ਸਨਅਤੀ ਸ਼ਹਿਰ ਸੀ ਲੁਧਿਆਣਾ। ਨੂਰਮਹਿਲੀਏ ਆਸ਼ੂਤੋਸ਼ ਵਲੋਂ ਉਥੇ ਵਿਸ਼ਾਲ ਸਮਾਗਮ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ। ਤਮਾਮ ਸਿੱਖ ਜਥੇਬੰਦੀਆਂ ਵਲੋਂ ਇਸ ਸਮਾਗਮ ਕਾਰਨ ਹਾਲਾਤ ਖਰਾਬ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ। ਇਸ ਨੂੰ ਰੁਕਵਾਉਣ ਵਾਸਤੇ ਲੋਕਰਾਜੀ ਸਿਸਟਮ ਦੇ ਸਾਰੇ ਤਰੀਕੇ ਅਪਨਾਏ ਗਏ। ਰੋਸ ਵਿਖਾਵੇ ਕੀਤੇ ਗਏ, ਧਰਨੇ ਮਾਰੇ ਗਏ ਅਤੇ ਜਿ਼ਲਾ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੱਤੇ ਗਏ। ਧਾਰਮਿਕ ਜਥੇਬੰਦੀਆਂ ਦੇ ਚੋਣਵੇਂ ਨੁਮਾਇੰਦਿਆਂ ਨੇ ਬੜੇ-ਛੋਟੇ ਦੋਹਾਂ ਮੁੱਖ ਮੰਤਰੀਆਂ ਨੂੰ ਅਪੀਲਾਂ ਕੀਤੀਆਂ, ਡੈਪੂਟੇਸ਼ਨ ਲੈ ਕੇ ਚੰਡੀਗੜ੍ਹ ਵੀ ਪਹੁੰਚੇ ਪਰ ਸਰਕਾਰ ਟਸ ਤੋਂ ਮਸ ਨਾ ਹੋਈ। ਸਿੱਖ ਜਜ਼ਬਾਤ ਨੂੰ ਪੰਥਕ ਸਰਕਾਰ ਵਲੋਂ ਬੁਰੀ ਤਰ੍ਹਾਂ ਰੋਂਦ ਦਿੱਤਾ ਗਿਆ।

ਜਿਸ ਦਾ ਅੰਦੇਸ਼ਾ ਸੀ ਓਹੀ ਹੋਇਆ। ਆਸ਼ੂਤੋਸ਼ੀਆਂ ਦਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਪ੍ਰੋਟੈਸਟ ਕਰਦੇ ਸਿੱਖਾਂ ‘ਤੇ ਪੰਜਾਬ ਪੁਲਿਸ ਵਲੋਂ ਗੋਲੀਬਾਰੀ ਕੀਤੀ ਗਈ। ਦੋ ਸਿੰਘ ਸ਼ਹੀਦ ਹੋ ਗਏ ਅਤੇ ਦਰਜਨ ਦੇ ਲਗਭਗ ਗੰਭੀਰ ਜ਼ਖ਼ਮੀ ਹੋਏ। ਖੂਨ-ਖਰਾਬਾ ਹੋਣ ਅਤੇ ਮਾਰਧਾੜ ਮਚਣ ਤੋਂ ਬਾਅਦ ਮੁਖ ਮੰਤਰੀ ਅਤੇ ਉਪ ਮੁਖ ਮੰਤਰੀ ਹਰਕਤ ਵਿਚ ਆਏ। ਫਿਰ ਲੱਗੀ ਦਿਵਯ-ਜੋਤੀ ਸਮਾਗਮ ‘ਤੇ ਪਾਬੰਦੀ। ਕੁਝ ਬੇਬਾਕ ਪੱਤਰਕਾਰਾਂ ਨੇ ਜਦੋਂ ਪਿਉ-ਪੁੱਤ ਦੀ ਜੋੜੀ ਨੂੰ ਸਵਾਲ ਕੀਤਾ ਕਿ ਉਹ ਪਾਬੰਦੀ ਪਹਿਲੋਂ ਕਿਉਂ ਨਹੀਂ ਲਗਾਈ? ਤਾਂ ਦੋਹਾਂ ਨੇ ਕੁਝ ਅਜਿਹਾ ਜਵਾਬ ਦਿੱਤਾ ਸੀ:

“ਸੰਵਿਧਾਨਿਕ ਫਰਜ਼ਾਂ ਦੀ ਪਾਲਣਾ ਕਰਦਿਆਂ ਕਿਸੇ ਤਰ੍ਹਾਂ ਦੇ ਇਕੱਠ ਜਾਂ ਜਨਸਮੂਹ ਦੇ ਸਮਾਗਮ ‘ਤੇ ਪੂਰਵ ਪਾਬੰਦੀ ਨਹੀਂ ਲਗਾਈ ਜਾ ਸਕਦੀ।”

ਇਸੇ ਤਰ੍ਹਾਂ ਗੁਰੂ ਸਾਹਿਬਾਨ ਦੇ ਸਵਾਂਗ ਰਚਾ ਕੇ ਸਿੱਖਾਂ ਨੂੰ ਚਿੜਾਉਣ ਵਾਲੇ ਸੌਦਾ ਸਾਧ ਦੇ ਅਖੌਤੀ ਨਾਮ ਚਰਚਾ ਸਮਾਗਮ ਵੀ ਅਕਾਲੀ ਸਰਕਾਰ ਦੇ ‘ਸੰਵਿਧਾਨਿਕ ਫਰਜ਼ਾਂ’ ਦੀ ਛਤਰ ਛਾਇਆ ਹੇਠ ਬੇਰੋਕ-ਟੋਕ ਹੁਣ ਤੱਕ ਚੱਲਦੇ ਆ ਰਹੇ ਹਨ।

ਇਸ ਦੇ ਮੁਕਾਬਲੇ ਜੇ ਸਿੱਖ ਜਥੇਬੰਦੀਆਂ ਭਾਈ ਸੁੱਖੇ-ਜਿੰਦੇ ਦੀ ਬਰਸੀ ਮਨਾਉਣ ਦਾ ਐਲਾਨ ਕਰਨ ਤਾਂ ਉਨ੍ਹਾਂ ਜਥੇਬੰਦੀਆਂ ਦੇ ਚੋਣਵੇਂ ਆਗੂਆਂ ਨੂੰ ਘਰਾਂ ਤੋਂ ਚੁੱਕ ਕੇ ਫਟਾਫਟ ਆਰਾਮ ਘਰਾਂ (ਜੇਲ੍ਹਾਂ) ਵਿਚ ਸੁੱਟ ਦਿੱਤਾ ਜਾਂਦਾ ਹੈ। ਜੇ ਕਿਤੇ ਦਿੱਲੀ ਵਾਲੇ ਸਰਨਾ ਭਰਾਵਾਂ ਵਲੋਂ ਪੰਜਾਬ ਵਿਚ ਕੀਤੇ ਜਾਣ ਵਾਲੇ ਕਿਸੇ ਜਲਸੇ-ਜਲੂਸ ਦੀ ਕਨਸੋਅ ਵੀ ਬਾਦਲ ਸਰਕਾਰ ਦੇ ਕੰਨੀਂ ਪੈ ਜਾਏ, ਉਸੇ ਵੇਲੇ ਹੀ ਉਨ੍ਹਾਂ ਦੇ ਹਮਾਇਤੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਜਾਂਦੀਆਂ ਹਨ।

ਬਾਦਲ ਦਲ ਦੀ ਈਨ ਮੰਨਣ ਤੋਂ ਇਨਕਾਰੀ ਸਿੱਖ ਸੰਸਥਾਵਾਂ ਦੇ ਆਗੂ ਅਤੇ ਪੰਥ ਦੀ ਆਜ਼ਾਦ ਹਸਤੀ ਚਾਹੁਣ ਵਾਲੇ ਬੁੱਧੀਜੀਵੀ ਇਹ ਸਿਤਮਜ਼ਰੀਫੀ ਵਾਲਾ ਸਵਾਲ ਕਰਦੇ ਰਹਿੰਦੇ ਹਨ ਕਿ ਬਾਦਲ ਸਰਕਾਰ ਸਿੱਖਾਂ ਨਾਲ ਦੋਹਰੇ ਮਾਪਦੰਡ ਕਿਉਂ ਵਰਤ ਰਹੀ ਹੈ? ਇਨ੍ਹਾਂ ਭੋਲੇ ਪਾਤਸ਼ਾਹਾਂ ਨੂੰ ਕੋਈ ਪੁੱਛੇ ਕਿ ਸਿੱਖ ਫਲਸਫੇ ਨੂੰ ਆਰ. ਐਸ. ਐਸ. ਦੀ ਝੋਲੀ ਪਾਉਣ ਵਾਲਿਆਂ ਦੀ ਸਰਕਾਰ ਨੂੰ ਸਿੱਖਾਂ ਦਾ ਹੀ ਇਕ ਹਿੱਸਾ ਢੋਲ ਵਜਾ-ਵਜਾ ਕੇ ‘ਪੰਥਕ ਸਰਕਾਰ’ ਦਾ ਪ੍ਰਮਾਣ ਪੱਤਰ ਦੇਣ ਡਿਹਾ ਹੋਇਆ ਹੋਵੇ ਤਾਂ ਉਨ੍ਹਾਂ

‘ਬਾਬਰਕਿਆਂ’ ਨੂੰ ਸਿੱਖ ਹਿਤੈਸ਼ੀ ਬਣਨ ਦੀ ਕੀ ਲੋੜ ਹੈ?

ਸਾਦਿਕ ਠੋਸ ਅਕੀਦੇ ਕੀ ਫਿਰ ਕਰਨ ਭਲਾ,
ਥਾਂ-ਥਾਂ ਕਾਬਜ਼ ਹੋਈਆਂ ਸੋਚਾਂ ਦੋਗਲੀਆਂ।
ਕਥਨੀ ਦੀ ਮਜ਼ਬੂਤੀ ਦਾ ਕੀ ਅਰਥ ਬਣੇ,
ਕਰਨੀ ਪੱਖੋਂ ਜੇ ਪਹੁੰਚਾਂ ਖੋਖਲੀਆਂ!!

ਤਰਲੋਚਨ ਸਿੰਘ ਦੁਪਾਲਪੁਰ