ਦੇਖਣ ਪਾਖਣ ਨੂੰ ਹੰਸ ਅਤੇ ਬਗਲਾ ਦੋਵੇਂ ਇੱਕੋ ਜਿਹੇ ਹਨ। ਦੁੱਧ ਚਿੱਟੀ ਸੂਰਤ ਵਾਲੇ ਇਹ ਦੋਵੇਂ ਰੱਬ ਦੇ ਭਗਤ ਜਾਪਦੇ ਨੇ। ਸਗੋਂ ਪਾਣੀ ਵਿਚ ਇਕ ਲੱਤ ਚੁੱਕੀ ਖੜ੍ਹਾ ਬਗਲਾ ਬੰਦਗੀ ਵਿਚ ਲੀਨ ਹੋਇਆ ਜਾਪਦਾ ਹੈ। ਪਰ ਪਤਾ ਉਦੋਂ ਹੀ ਲੱਗਦਾ ਹੈ ਜਦ ਉਹ ਡੱਡ ਜਾਂ ਮੱਛੀ ਨੂੰ ਝਪਟ ਕੇ ਪੈਂਦਾ ਹੈ। ਪਹਿਲੀ ਨਜ਼ਰੇ ਦੋਹਾਂ ਦਾ ਨਿਖੇੜਾ ਕਰਨਾ ਬੜਾ ਔਖਾ ਹੈ। ਬੜੇ-ਬੜੇ ਸਿਆਣੇ ਭੁਲੇਖਾ ਖਾ ਜਾਂਦੇ ਹਨ। ਬਾਬੇ ਦੀ ਬਾਣੀ ਵਿਚ ਵੀ ਇਸ ਭੁਲੇਖੇ ਦਾ ਕਈ ਥਾਂ ਜਿ਼ਕਰ ਹੈ, ‘ਮੈਂ ਜਾਣਿਆ ਵਡਹੰਸ ਹੈ…॥’ ਭੀੜ-ਭੜੱਕੇ ਵਿਚ ਜੇਬਾਂ ਕੱਟਣ ਜਾਂ ਚੋਰੀ ਕਰਨ ਲਈ ਘੁਸੇ ਹੋਏ ਲੁਟੇਰੇ, ਬਦਮਾਸ਼ਾਂ ਜਿਹਾ ਪਹਿਰਾਵਾ ਨਹੀਂ ਪਹਿਨਦੇ ਸਗੋਂ ਬੀਬੇ ਰਾਣੇ ਬਣ ਕੇ ਆਮ ਸਾਊਆਂ ਵਾਲਾ ਲਿਬਾਸ ਹੀ ਪਹਿਨਦੇ ਹੁੰਦੇ ਨੇ ਉਹ। ਕੱਛ ਵਿਚ ਛੁਰੀ ਲਈ ਫਿਰਦੇ ਕਿਸੇ ਕਸਾਈ ਕੋਲੋਂ ਭਲਾ ਕੋਈ ਕੀ ਧੋਖਾ ਖਾ ਲਵੇਗਾ? ਹਾਂ, ਦੁਨੀਆਂ ਲੁੱਟਣ ਲਈ ਮਹੀਨ ਕਿਸਮ ਦੇ ਖੂਬਸੂਰਤ ਧੋਖਿਆਂ ਦੀ ਲੋੜ ਹੁੰਦੀ ਹੈ।
ਜਿਸ ਯੁੱਗ ਵਿਚ ਅਸੀਂ ਦਿਨ-ਕਟੀ ਕਰ ਰਹੇ ਹਾਂ ਜੇ ਇਸਨੂੰ ‘ਹੁਸੀਨ ਅਤੇ ਖੂਬਸੂਰਤ’ ਧੋਖਿਆਂ ਦਾ ਯੁੱਗ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਦੇਖੋ ਨਾ, ਸਿਰਲੇਖ ਹੁੰਦਾ ਹੈ ‘ਧੋਖੇ ਤੋਂ ਬਚੋ!’… ਪਰ ਥੱਲੇ ਇਬਾਰਤ ਵਿਚ ਨੰਗੀ ਚਿੱਟੀ ਲੁੱਟ। ‘ਸੌ ਤਾਲਿਆਂ ਦੀ ਇੱਕੋ ਚਾਬੀ’ ਦਾ ਦਿਲ ਖਿੱਚਵਾਂ ਨਾਹਰਾ ਲਾਉਣ ਵਾਲਾ ਅਸਲ ਵਿਚ ਲੋਕਾਂ ਦੀ ਅਕਲ ਦੇ ਤਾਲਿਆਂ ਦੀਆਂ ਚਾਬੀਆਂ ਨਕਾਰਾ ਕਰ ਰਿਹਾ ਹੁੰਦਾ ਹੈ। ਕੁੰਡੀ ਵਿਚ ਫਸਾਈ ਗਈ ਮਾਸ ਦੀ ਬੋਟੀ ਨੂੰ ਵਿਚਾਰੀ ਮੱਛੀ ਆਪਣੀ ਭੁੱਖ ਦਾ ‘ਸਾਮਾਨ’ ਸਮਝ ਲੈਂਦੀ ਹੈ। ਧੋਖੇ ਦਾ ਸਿ਼ਕਾਰ ਹੋ ਕੇ ਜਾਨ ਗਵਾ ਬਹਿੰਦੀ ਹੈ। ਮੱਛੀਆਂ ਦੀ ਧੋਖੇ ਖਾਣ ਵਾਲੀ ਫਿਤਰਤ ਤੋਂ ਹੀ ਇਹ ਕਹਾਵਤ ਘੜੀ ਗਈ ਹੋਵੇਗੀ ਕਿ ਉਹ ਪੱਥਰ ਚੱਟ ਕੇ ਹੀ ਮੁੜਦੀਆਂ ਹਨ।
ਰਾਹੀ-ਮੁਸਾਫਰਾਂ ਨੂੰ ਲੁੱਟਣ ਵਾਲੇ ਸੱਜਣ ਠੱਗ ਨੇ ਵੀ ਲੋਕਾਂ ਨੂੰ ਧੋਖਾ ਦੇਣ ਲਈ ‘ਧਰਮਸ਼ਾਲਾ’ ਬਣਾਈ ਹੋਈ ਸੀ। ਇੰਨਾ ਹੀ ਨਹੀਂ ਉਹ ‘ਸੱਜਣ’ ਨਾਂ ਰੱਖ ਕੇ ਪਹਿਰਾਵਾ ਵੀ ਸਾਧੂਆਂ-ਸੰਤਾਂ ਵਾਲਾ ਹੀ ਪਹਿਨਦਾ ਸੀ। ਬਾਬੇ ਨਾਨਕ ਨਾਲ ਮੇਲ-ਮੁਲਾਕਾਤ ਹੋਣ ਤੋਂ ਪਹਿਲਾਂ ਪਤਾ ਨਹੀਂ ਉਹ ਕਿੰਨਿਆਂ ਕੁ ਨੂੰ ‘ਸੰਤਪੁਣੇ’ ਦੀ ਓਟ ਵਿਚ ਲੁੱਟ ਚੁੱਕਾ ਹੋਵੇਗਾ। ਰਮਾਇਣ ਮੁਤਾਬਕ ਮਾਤਾ ਸੀਤਾ ਦਾ ਅਪਹਰਣ ਕਰਨ ਵਾਸਤੇ ਮਹਾਵਿਦਵਾਨ ਰਾਵਣ ਨੇ ਸਾਧੂਆਂ ਵਾਲਾ ਭੇਸ ਹੀ ਧਾਰਿਆ ਸੀ। ਕਮਾਲ ਦੀ ਗੱਲ ਹੈ ਕਿ ਨੀਚ ਕਰਮ ਕਰਨ ਲਈ ਵੀ ਸਾਧੂ ਦੇ ਭੇਸ ਦਾ ਓਹਲਾ? ਦੇਖਿਆ ਜਾਏ ਤਾਂ ਭਗਵੇਂ ਜਾਂ ਚਿੱਟੇ ਚੋਲੇ ਪਹਿਨ ਕੇ ਲੁੱਟਣ ਵਾਲਿਆਂ ‘ਤੇ ਕਾਹਦਾ ਗਿਲਾ? ਜਦ ਲੁੱਟ ਹੋਣ ਵਾਲੇ ‘ਚਾਈਂ-ਚਾਈਂ ਆਪਣਾ ਆਪ ਲੁਟਾਉਣ ਲਈ ਕਾਹਲੇ ਪੈਂਦੇ ਹੋਣ। ‘ਸੰਤ-ਲਿਬਾਸ’ ਵਲ ਖਿੱਚੇ ਤੁਰੇ ਜਾਂਦਿਆਂ ਦੇ ਕੰਨਾਂ ਵਿਚ ਜਿੰਨੀ ਮਰਜ਼ੀ ਉਚੀ ਆਵਾਜ਼ ਵਿਚ ‘ਓਏ ਹਰਿ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ॥’ ਵਾਲੀ ਬਾਣੀ ਗਾਈ ਜਾਵੇ, ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੁੰਦਾ ਸਗੋਂ ਉਲਟਾ ਉਹ ਬਾਣੀ ਸੁਣਾਉਣ ਵਾਲਿਆਂ ਨੂੰ ਹੀ ਝਈਆਂ ਲੈ- ਲੈ ਪੈਂਦੇ ਹਨ। ਪਰ ਜਦ ਭੇਖੀਆਂ ਦੀ ਹਕੀਕਤ ਨਸ਼ਰ ਹੋ ਜਾਂਦੀ ਹੈ, ਫਿਰ ਲੁੱਟ ਦਾ ਸਿ਼ਕਾਰ ਹੋਏ ‘ਸ਼ਰਧਾਲੂ’ ਮੱਛੀ ਵਾਂਗ ਪੱਥਰ ਚੱਟ ਕੇ ਮੁੜਦੇ ਹਨ। ਇਧਰ-ਉਧਰ ਭਟਕਦੇ ਉਹ ‘ਕਿਸੇ ਹੋਰ’ ਦੇ ਅੜਿੱਕੇ ਚੜ੍ਹ ਜਾਂਦੇ ਹਨ।
ਅਜਿਹੇ ‘ਕੱਚੜਿਆਂ’ ਦੀ ਇਕ ਮਨੋਰੰਜਨਕ ਗਾਥਾ, ਮੇਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਵੇਲਿਆਂ ਦੀਆਂ ਹੱਡਬੀਤੀਆਂ ਵਿਚ ਸ਼ਾਮਲ ਹੈ।
ਬੰਗਾ-ਗੜ੍ਹਸ਼ੰਕਰ ਰੋਡ ‘ਤੇ ਪਿੰਡ ਚੌਹੜਾ ਲਾਗੇ ਧਨਵੰਤ ਸਿਹੁੰ ਨਾਂ ਦੇ ਬਾਬੇ ਨੇ ਆਪਣਾ ਅੱਡਾ-ਗੱਡਾ ਕਾਇਮ ਕਰ ਲਿਆ। ਉਹ ਸੰਤ ਹੀ ਕਾਹਦਾ ਜਿਹਦੇ ਨਾਂ ਪਿੱਛੇ ‘ਵਾਲੇ’ ਸ਼ਬਦ ਨਾ ਹੋਵੇ? ਇਸ ਲਈ ਉਕਤ ਬਾਬਾ ਜੀ ਨੇ ਆਪਣੀ ਵਿਸ਼ੇਸ਼ਤਾ ਪ੍ਰਗਟਾਉਣ ਲਈ ਆਪਣੇ ਪਿਛੋਕੜ ਅਨੁਸਾਰ, ਨਾਂ ਵਿਚ ‘ਗੁਰਦਾਸਪੁਰਵਾਲੇ’ ਵਿਸ਼ੇਸ਼ਣ ਜੋੜ ਲਿਆ। ਸੁੰਦਰ ਸੁਡੌਲ ਚਿਹਰਾ-ਮੋਹਰਾ, ਚਿੱਟਾ ਚੋਲਾ, ਗੋਲ ਦਸਤਾਰ, ਮਿੱਠੀ ਬੋਲ-ਬਾਣੀ ਸਦਕਾ ਚੰਗਾ ਠਕ-ਠਕਾ ਚੱਲ ਪਿਆ। ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ ਬਿਰਤੀਆਂ ਨੂੰ ਧੂਹ ਪਾਉਣ ਲਈ ਉਨ੍ਹਾਂ ਇਥੇ ਕਾਇਮ ਕੀਤੇ ਟਰਸਟ ਦਾ ਨਾਂ ਰੱਖਿਆ, ‘ਨੂਰ ਵਿਸ਼ਵ ਰੂਹਾਨੀ ਚੈਰੀਟੇਬਲ ਟਰੱਸਟ!’… ਪਾਠ ਕੀਰਤਨ ਫਰੀ ਸਿਖਾਉਣ, ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਦੇਣ ਅਤੇ ਗਰੀਬ ਕੁੜੀਆਂ ਦੀਆਂ ਸ਼ਾਦੀਆਂ ਕਰਵਾਉਣ ਦੇ ‘ਫੱਟੇ’ ਡੇਰੇ ਵਿਚ ਵੀ ਗੱਡ ਦਿੱਤੇ ਗਏ ਅਤੇ ਦਿਲ-ਖਿੱਚਵੇਂ ਪੈਂਫਲਿਟ-ਇਸ਼ਤਿਹਾਰਾਂ ਨਾਲ ਇਲਾਕੇ ਵਿਚ ਧੂੰਆਂ-ਧਾਰ ਪ੍ਰਚਾਰ ਕੀਤਾ ਗਿਆ।
ਚੋਟੀ ਦੇ ਰਾਗੀ-ਢਾਡੀ, ਪ੍ਰਚਾਰਕ ਅਤੇ ਸੰਤ-ਬਾਬੇ ਸੱਦ ਕੇ ਹਰੇਕ ਸਾਲ ਤਿੰਨ ਦਿਨਾ ਸਮਾਗਮ ਕਰਾਉਣਾ ਅਰੰਭ ਕਰ ਦਿੱਤਾ। ਅਜਿਹੇ ਹੀ ਇਕ ਸਮਾਗਮ ਦਾ ਸੱਦਾ-ਪੱਤਰ ਮਿਲਣ ‘ਤੇ ਮੈਂ ਉਸ ਵਿਚ ਸ਼ਾਮਲ ਹੋਇਆ। ਆਪਣੇ ਕੁਝ ਸਾਥੀਆਂ ਨਾਲ ਸਜੇ ਹੋਏ ਪੰਡਾਲ ਵਿਚ ਕਥਾ-ਕੀਰਤਨ ਸ੍ਰਵਣ ਕੀਤਾ। ਇਕ ਦੋਸਤ ਦੇ ਕਹਿਣ ‘ਤੇ ਕਿ ਚਲੋ ਸੰਤਾਂ ਦੇ ਦਰਸ਼ਨ ਵੀ ਕਰ ਚੱਲੀਏ, ਅਸੀਂ ਸੇਵਾਦਾਰਾਂ ਨੂੰ ‘ਸੰਤਾਂ ਦੇ ਨਿਵਾਸ’ ਬਾਰੇ ਪੁੱਛ ਕੇ ਡੇਰੇ ਦੇ ਅੰਦਰ ਪਹੁੰਚੇ। ਪੰਡਾਲ ਤਾਂ ਬਾਹਰ ਸਜਿਆ ਹੋਇਆ ਸੀ, ਪਰ ਅੰਦਰ ਇਕ ‘ਵਿਸ਼ੇਸ਼ ਦਰਬਾਰ’ ਸਜਿਆ ਹੋਇਆ ਸੀ, ਜਿਸ ਵਿਚ ਸ਼ਰਧਾਲੂ ਬੀਬੀਆਂ ਦੀ ਗਿਣਤੀ ਵਧੇਰੇ ਸੀ। ਇਹ ‘ਨਜ਼ਾਰਾ’ ਦੇਖ ਕੇ ਖਿਝੇ ਹੋਏ ਅਸੀਂ ਬਾਬੇ ਦਾ ‘ਦੂਰ ਦਰਸ਼ਨ’ ਕਰਕੇ ਹੀ ਵਾਪਸ ਮੁੜ ਆਏ।
ਪਿੰਡ ਆ ਕੇ ਮੈਂ ਉਥੇ ਪੰਥ-ਪ੍ਰਵਾਨਿਤ ਰਹਿਤ ਮਰਯਾਦਾ ਤੋਂ ਉਲਟ ਜੋ-ਜੋ ਮਨਮਤਿ ਅਤੇ ਕਾਰ-ਵਿਹਾਰ ਹੁੰਦਾ ਦੇਖਿਆ, ਉਸ ਬਾਰੇ ਇਕ ਪੱਤਰ ਲਿਖ ਕੇ ਬਾਬੇ ਨੂੰ ਭੇਜਿਆ। ਮੋੜਵੇਂ ਜਵਾਬ ਵਿਚ ਸ਼੍ਰੋਮਣੀ ਕਮੇਟੀ ਦੀਆਂ ਦਰਜਨ ਕੁ ਖਾਮੀਆਂ ਗਿਣਾ ਕੇ ਉਸ ਨੇ ਮੈਨੂੰ ਸਾਧੂ-ਸੰਤਾਂ ਦਾ ਵਿਰੋਧੀ ਗਰਦਾਨਿਆ। ਉਹ ਆਪ ਤਾਂ ਇੰਨੇ ਕੁ ਨਾਲ ਹੀ ਸ਼ਾਂਤ ਹੋ ਗਿਆ ਪਰ ਉਸ ਦੇ ਸੱਤ-ਅੱਠ ਸ਼ਰਧਾਲੂਆਂ ਦਾ ਇਕ ‘ਨੂਰਾਨੀ ਜਥਾ’ ਮੇਰੇ ਘਰ ਸੁਵਖਤੇ ਆ ਧਮਕਿਆ। ਡੇਰੇ ਪਹੁੰਚਿਆ ਮੇਰਾ ਖ਼ਤ ਉਨ੍ਹਾਂ ਹੱਥਾਂ ਵਿਚ ਫੜਿਆ ਹੋਇਆ ਸੀ। ਖੂਬ ਬਹਿਸ-ਮੁਬਹਿਸਾ ਹੋਇਆ।
ਆਪਣੇ ਧਰਮ-ਈਮਾਨ ਨੂੰ ਹਿਰਦੇ ਵਿਚ ਚਿਤਵ ਕੇ ਮੈਂ ਇਹ ਗੱਲ ਲਿਖ ਰਿਹਾਂ। ਮੈਂ ਭਵਿੱਖਬਾਣੀਆਂ ਕਰਨ ਵਾਲਾ ਜੋਤਸ਼ੀ ਤਾਂ ਹਾਂ ਨਹੀਂ, ਪਰ ਉਨ੍ਹਾਂ ਸਿੰਘਾਂ ਨਾਲ ਬਹਿਸ ਕਰਦਿਆਂ ਦੁਖੀ ਹੋ ਕੇ ਮੈਥੋਂ ਕਹਿ ਹੋ ਗਿਆ, “ਮੈਂ ਤੁਹਾਡੇ ਸੰਤਾਂ ਦਾ ਵਿਰੋਧੀ ਨਹੀਂ, ਸਿਰਫ ਆਪਣੀ ਤੁੱਛ ਬੁੱਧੀ ਅਨੁਸਾਰ ਗੁਰਮਤਿ ਦੀ ਗੱਲ ਕਰ ਰਿਹਾ ਹਾਂ। ਗੁਰੂ ਪਾਤਸ਼ਾਹ ਤੁਹਾਡੇ ‘ਤੇ ਰਹਿਮਤ ਕਰੇ। ਇਕ ਦਿਨ ਐਸਾ ਆਏਗਾ ਕਿ ਤੁਸੀਂ ਸਾਰੇ ਮੇਰੇ ਖ਼ਤ ਨੂੰ ਸਹੀ ਅਤੇ ਸੰਤ ਨੂੰ ਗ਼ਲਤ ਠਹਿਰਾਉਗੇ।” ਮੇਰੇ ਮੂੰਹੋਂ ਇਹ ਸੁਣ ਕੇ ਉਹ ਲੋਹੇ-ਲਾਖੇ ਹੁੰਦੇ ਬੁੜ-ਬੁੜ ਕਰਦੇ ਚਲੇ ਗਏ।
ਛਲ, ਕਪਟ, ਦੰਭ ਅਤੇ ਪਖੰਡ ਆਪਣੇ-ਆਪ ਨੂੰ ਪ੍ਰਚਾਰ, ਅਖਬਾਰ ਜਾਂ ਇਸ਼ਤਿਹਾਰ ਰਾਹੀਂ ਜਿੰਨਾ ਮਰਜ਼ੀ ਲਿਸ਼ਕਾ-ਪੁਸ਼ਕਾ ਲਵੇ, ਭਾਵੇਂ ਸੱਤਵੇਂ ਅਸਮਾਨ ‘ਤੇ ਚੜ੍ਹਾ ਲਵੇ ਪਰ ਤਮਾਮ ਸਿਦਕੀ ਸਿੱਖਾਂ ਵਾਂਗ ਮੇਰਾ ਵਿਸ਼ਵਾਸ ਹੈ ‘ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ।’ ਬਜ਼ੁਰਗਾਂ ਤੋਂ ਸੁਣਿਆ ਹੋਇਐ ਕਿ ਗੁਰੂ ਨਾਨਕ ਦੀ ਚੱਕੀ ਚੱਲਦੀ ਜ਼ਰੂਰ ਹੌਲੀ-ਹੌਲੀ ਹੈ, ਪਰ ਇਹ ਪੀਂਹਦੀ ਬਹੁਤ ਬਰੀਕ ਹੈ। ਇਸ ਚੱਕੀ ਦੇ ਪੀਠੇ ਹੋਏ ਨੂੰ ਛਾਨਣ ਦੀ ਲੋੜ ਨਹੀਂ ਪੈਂਦੀ।
ਕਰਨੀ ਰੱਬ ਦੀ ਐਸੀ ਹੋਈ, ਉਤਲੇ ਵਾਕਿਆ ਤੋਂ ਕੁਝ ਮਹੀਨੇ ਬਾਅਦ ਹੀ ਉਸ ਬਾਬੇ ਨੇ ਆਪਣੇ ਹੀ ਇਕ ਸ਼ਰਧਾਲੂ ਦੀ ਕੁਆਰੀ ਧੀ ਨਾਲ…। (ਡਰੀਏ ਰੱਬ ਤੋਂ, ਕਿਸੇ ਗ੍ਰਹਿਸਥੀ ‘ਤੇ ਇਹੋ ਜਿਹਾ ਅਭਾਗਾ ਸਮਾਂ ਨਾ ਆਵੇ) ਪਾਪ ਦਾ ਭਾਂਡਾ ਫੁੱਟ ਜਾਣ ਬਾਅਦ ਉਹੀ ਸਿੰਘ (ਜੋ ਕੁਝ ਮਹੀਨੇ ਪਹਿਲਾਂ ਮੇਰੇ ਨਾਲ ਖਹਿਬੜ ਕੇ ਗਏ ਸਨ) ਮੇਰੇ ਕੋਲ ਆਏ। ਹੁਣ ਉਹ ਮੈਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਨਾਤੇ ਅਕਾਲ ਤਖਤ ਸਾਹਿਬ ‘ਤੇ ਆਪਣੇ ਨਾਲ ਜਾਣ ਵਾਸਤੇ ਕਹਿ ਰਹੇ ਸਨ। ਧਨਵੰਤ ਸਿੰਹੁ ਵਾਲਾ ਇਹ ਕੇਸ ਬੀਤੇ ਦੀ ਕਹਾਣੀ ਬਣ ਚੁੱਕਾ ਹੈ। ਤਤਕਾਲੀ ‘ਸਿੰਘ ਸਾਹਿਬਾਨ’ ਨੇ ਕੀ ਕੁਝ ‘ਅੰਦਰ’ ਕੀਤਾ ਅਤੇ ਕੀ ਕੁਝ ‘ਬਾਹਰ’ ਆਇਆ? ਇਹ ਦੱਬੇ ਮੁਰਦੇ ਪੱਟਣੇ ਇਸ ਲੇਖ ਦਾ ਵਿਸ਼ਾ ਨਹੀਂ ਹੈ। ਮੇਰੀ ਇਸ ਹੱਡ-ਬੀਤੀ ਵਿਚ ਜਿਨ੍ਹਾਂ ਸ਼ਰਧਾਲੂਆਂ ਦਾ ਜਿ਼ਕਰ ਆਇਆ ਹੈ, ਸੁੱਖ ਨਾਲ ਉਹ ਸਾਰੇ ਚੜ੍ਹਦੀ ਕਲਾ ਵਿਚ ਹਨ ਅਤੇ ਮੇਰੇ ਨਿਕਟਵਰਤੀ ਦੋਸਤ ਹਨ। ਜੇ ਕਿਸੇ ਨੂੰ ਕੋਈ ਠੇਸ ਲੱਗੀ ਹੋਵੇ ਤਾਂ ਮੈਂ ਹੱਥ ਜੋੜ ਕੇ ਖਿਮਾ ਵੀ ਮੰਗਦਾ ਹਾਂ। ਪਰ ਇਸ ਕਾਂਡ ਦੀ ਇਕ ਨਿੱਕੀ ਜਿਹੀ ਜਾਣਕਾਰੀ ਜ਼ਰੂਰ ਦੱਸਣਾ ਚਾਹੁੰਦਾ ਹਾਂ ਜਿਸ ਤੋਂ ਸ਼ਬਦ-ਗੁਰੂ ਤੋਂ ਬੇ-ਮੁਖ ਹੋਏ, ਸਾਧਾਂ-ਸੰਤਾਂ, ਮਹੰਤਾਂ ਦੇ ਸ਼ਰਧਾਲੂਆਂ ਦੀ ‘ਅੰਨ੍ਹੀ-ਗੁੰਗੀ ਅਤੇ ਬੋਲੀ ਸ਼ਰਧਾ’ ਦਾ ਪਤਾ ਲਗਦਾ ਹੈ।
ਅਕਾਲ ਤਖਤ ਸਾਹਿਬ ‘ਤੇ ਸੁਣਵਾਈ ਦੌਰਾਨ ਇਕ ਵਾਰ ਮੈਂ ਉਨ੍ਹਾਂ ਸਿੰਘਾਂ ਨਾਲ ਗੱਡੀ ਵਿਚ ਜਾ ਰਿਹਾ ਸਾਂ। ਰਸਤੇ ਵਿਚ ਇਕ ਥਾਂ ਰੋਟੀ ਖਾਣ ਲੱਗੇ। ਉਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਵੱਧ ਪੜ੍ਹੇ-ਲਿਖੇ ਇਕ ਸੱਜਣ ਨੂੰ ਮੈਂ ਪਰਦੇ ਜਿਹੇ ਨਾਲ ਪੁੱਛਿਆ ਕਿ ਯਾਰ ਹੁਣ ਤੁਸੀਂ ਉਸ ਬੂਬਨੇ ਸਾਧ ਦੇ ਢੇਰਾਂ ਦੇ ਢੇਰ ਕੁਕਰਮ ਗਿਣਾ ਰਹੇ ਹੋ। ਤੁਹਾਨੂੰ ਕਦੇ ਪਹਿਲਾਂ ਨਹੀਂ ਸੀ ਉਸ ਦੇ ਚਰਿੱਤਰ ਬਾਰੇ ਭਿਣਕ ਪਈ? ਅੱਗਿਉਂ ਜਵਾਬ ਸੁਣ ਕੇ ਮੇਰੀ ਰੂਹ ਹੀ ਕੰਬ ਉਠੀ।
“ਭਾਈ ਸਾਹਿਬ, ਤੁਹਾਨੂੰ ਕੀ ਦੱਸਾਂ…ਉਹ ਮੈਨੂੰ ਬਹੁਤ ਜਿ਼ਆਦਾ ਪਿਆਰ ਕਰਦੇ ਸਨ…ਮੈਂ ਉਨ੍ਹਾਂ ‘ਤੇ ਰੱਬ ਵਰਗਾ ਵਿਸ਼ਵਾਸ ਬਣਾ ਲਿਆ… ਉਨ੍ਹਾਂ ਮੈਨੂੰ ਹੁਕਮ ਕਰਨਾ, ‘ਜਾਹ ਸਿੰਘਾ ‘ਅਰਿਸਟੋਕ੍ਰੇਟ’ (ਬੋਤਲ) ਲੈ ਕੇ ਆ।’ ਮੈਂ ਸਤਿ-ਬਚਨ ਹਜ਼ੂਰ ਕਹਿ ਕੇ ਲੈ ਆਉਣੀ। ਕਦੇ ਉਨ੍ਹਾਂ ਮੈਨੂੰ ਫੋਨ ਕਰ ਦੇਣਾ, ‘ਸਿੰਘਾ ਆਉਂਦਾ ਹੋਇਆ ਮੱਛੀ ਦੇ ਪਕੌੜੇ ਫੜ ਲਿਆਈਂ।’ ਮੈਂ ਉਹ ਵੀ ਫੌਰਨ ਲਿਆ ਦੇਣੇ…।”
“ਇਹ ਕੁਝ ਕਰਦਿਆਂ ਵੀ ਤੁਸੀਂ ਉਸਨੂੰ ‘ਸੰਤ’ ਸਮਝੀ ਗਏ?” ਮੈਂ ਇਕ ਦਮ ਚੌਂਕ ਕੇ ਕਿਹਾ।
“ਓ ਭਾਅ ਜੀ, ਮੈਂ ਸਮਝੀ ਗਿਆ ਕਿ ‘ਮਹਾਂ-ਪੁਰਸ਼’ ਮੇਰਾ ‘ਇਮਤਿਹਾਨ’ ਲੈ ਰਹੇ ਨੇ। ਇਹ ਤਾਂ ਬ੍ਰਹਮਗਿਆਨੀਆਂ ਦੇ ‘ਚੋਜ਼’ ਹੁੰਦੇ ਨੇ। ਮੈਂ ਸੋਚਦਾ ਰਿਹਾ ਕਿ ਮੇਰੇ ਵਿਸ਼ਵਾਸ ਦੀ ਪ੍ਰੀਖਿਆ ਹੋ ਰਹੀ ਐ।”
ਗੁਰਬਾਣੀ ਦਾ ਸ਼ਬਦ ‘ਗੁਰੂ’ ਕਿਵੇਂ ਹੁੰਦਾ ਹੈ? ਖਾਲਸਾ-ਜੁਗਤਿ ਵਿਚ ਪੰਜ ਪਿਆਰਿਆਂ ਦਾ ਕੀ ਮਹੱਤਵ ਹੈ? ਸ਼ਖਸੀ-ਰਹਿਣੀ ਅਤੇ ਪੰਥਕ ਰਹਿਣੀ ਦਾ ਕੀ ਅਰਥ ਹੈ? ਇਨ੍ਹਾਂ ਸਵਾਲਾਂ ਦਾ ਭਾਵ-ਅਰਥ ਜਿਸ ਕਿਸੇ ਕਰਮਾਂ ਵਾਲੇ ਨੂੰ ਸਮਝ ਲੱਗ ਜਾਵੇ, ਉਹ ਤਾਂ ਗੜ੍ਹਸ਼ੰਕਰਵਾਲੇ ਸਿਦਕੀ ਸਿੱਖ ਭਾਈ ਤਿਲਕੂ ਵਾਂਗ ਕਦੇ ਵੀ ਨਹੀਂ ਭਟਕਦਾ। ਉਹ ਨਹੀਂ ਕਿਸੇ ‘ਮਹੇਸ਼ੇ ਯੋਗੀ’ ਜਾਂ ਸਾਧ-ਬਾਬੇ ਦਾ ‘ਸਿੱਖ’ ਬਣਦਾ। ਪਰ ਅਜਿਹੇ ਇਕ ਅਕਾਲ ਦੇ ਪੁਜਾਰੀਆਂ ਦੀ ਬਨਿਸਬਤ ਉਨ੍ਹਾਂ ਸ਼ਰਧਾਲੂਆਂ ਦੀ ਵੀ ਗਿਣਤੀ ਘੱਟ ਨਹੀਂ, ਜਿਹੜੇ ਆਪਣੇ-ਆਪਣੇ ‘ਮਹਾਰਾਜਾਂ’ ਨੂੰ ਗੁਰੂ ਤੋਂ ਵੀ ਉਪਰ ਮੰਨੀ ਬੈਠੇ ਨੇ। ਉਨ੍ਹਾਂ ਲਈ ਬੱਸ ‘ਸਾਧ-ਬਾਣਾ’ ਹੀ ਕਾਫੀ ਹੈ। ਉਹ ‘ਪ੍ਰੀਖਿਆ’ ਵੀ ਦੇਈ ਜਾਂਦੇ ਨੇ ਅਤੇ ਝੁੱਗਾ ਚੌੜ ਵੀ ਹੱਸ ਕੇ ਕਰਾਈ ਜਾਂਦੇ ਨੇ।
ਅੰਤਿਕਾ: ਪੰਜਾਬ ਦੇ ਮਾਲਵੇ ਇਲਾਕੇ ਵਿਚ ਇਕ ਪ੍ਰੋਫੈਸ਼ਨਲ ਡਾਕਟਰ, ਸੰਤਾਂ ਵਾਲੇ ਬਾਣੇ ਵਿਚ ਗੁਰਮਤਿ ਪ੍ਰਚਾਰ ਕਰ ਰਿਹਾ ਹੈ। ਆਪਣੀਆਂ ਘਰੇਲੂ ਜ਼ਰੂਰਤਾਂ ਉਹ ਆਪਣੇ ਕਿੱਤੇ ਨਾਲ ਪੂਰੀਆਂ ਕਰਦਾ ਹੈ। ਅਕਾਲ ਤਖਤ ਸਾਹਿਬ ਤੋਂ ਪ੍ਰਵਾਣਿਤ ਰਹਿਤ-ਮਰਯਾਦਾ ਅਨੁਸਾਰ ਡੰਕੇ ਦੀ ਚੋਟ ਨਾਲ ਪ੍ਰਚਾਰ ਕਰਦਾ ਹੈ। ਭਾਈ ਪੰਥਪ੍ਰੀਤ ਸਿੰਘ ਨਾਂ ਦਾ ਇਹ ਡਾਕਟਰ ਪ੍ਰਚਾਰਕ ਸਾਧੂਆਂ ਵਾਲਾ ਚੋਲਾ ਜ਼ਰੂਰ ਪਹਿਨਦਾ ਹੈ, ਪਰ ਉਹ ਹੋਰ ਡੰਡ-ਪਖੰਡ ਬਿਲਕੁਲ ਨਹੀਂ ਕਰਦਾ। ਨਾ ਉਹਦੇ ਗੁੱਟਾਂ ‘ਤੇ ਰੰਗ-ਬਰੰਗੇ ਮਣਕਿਆਂ ਵਾਲੀ ਕੋਈ ਮਾਲਾ ਹੁੰਦੀ ਹੈ ਅਤੇ ਨਾ ਹੀ ਉਹ ਮੰਦ-ਮੰਦ ਮੁਸਕ੍ਰਾਉਂਦੀਆਂ ਫੋਟੋਆਂ ਅਖ਼ਬਾਰੀ ਇਸ਼ਤਿਹਾਰਾਂ ਵਿਚ ਛਪਵਾਉਂਦਾ ਹੈ। ਗੁਰਮਤਿ ਦੀ ਗੱਲ ਕਰਦਿਆਂ ਉਹ ਬਾਹਾਂ ਕੱਢ-ਕੱਢ ਇਹੋ ਜਿਹੇ ਦਾਅਵੇ ਨਹੀਂ ਕਰਦਾ ਕਿ ਸਾਡੇ ਡੇਰੇ ‘ਚ ਆ ਕੇ ਦੇਖੋ ਕਿੰਨੀਆਂ ਮੱਝਾਂ, ਕਿੰਨੀਆਂ ਗਊਆਂ ਜਾਂ ਵੱਛੀਆਂ ਹਨ। ਗਜ਼ਬ ਦੀ ਕਥਾ ਕਰਦਿਆਂ ਉਹ ‘ਚੁਟਕਲੇ’ ਨਹੀਂ ਸੁਣਾਉਂਦਾ।
ਵਿਦੇਸ਼ ਦੀ ਇਕ ਗੁਰਦੁਆਰਾ ਕਮੇਟੀ ਦੇ ਕਹਿਣ ‘ਤੇ ਮੈਂ ਭਾਈ ਪੰਥਪ੍ਰੀਤ ਸਿੰਘ ਨੂੰ ਕਿਹਾ ਕਿ ਇਕ ਗੇੜਾ ਅਮਰੀਕਾ ਦਾ ਮਾਰ ਜਾਓ। ਉਹਦਾ ਜਵਾਬ ਸੀ, “ਜਿਸਦਾ ਆਪਣਾ ਵਿਹੜਾ ਪੁੱਟਿਆ ਪਿਆ ਹੋਵੇ, ਉਹ ਬੀਬੀ ਗੁਆਂਢੀਆਂ ਦੇ ਵਿਹੜੇ ਲਿੱਪਣ ਜਾਂਦੀ ਸ਼ੋਭਦੀ ਨਹੀਂ।” ਰੱਬ ਕਰੇ ਇਸ ਸਿਦਕੀ ਪ੍ਰਚਾਰਕ ਦੀ ਪੰਥ-ਪ੍ਰੀਤ ਇਵੇਂ ਬਣੀ ਰਹੇ। ਕਿਤੇ ਉਹ ਵੀ ਸ਼ਰਧਾਲੂਆਂ ਦੀ ਪ੍ਰੀਖਿਆ ਨਾ ਲੈਣ ਲੱਗ ਪਵੇ।
ਆਮੀਨ!