Monday, November 15, 2010

ਦੌਰਾ-ਏ-ਅੰਮ੍ਰਿਤਸਰ-ਕਿਉਂ ਮਾਰੀ ਉਬਾਮਾ ਦੀ ਅੰਮ੍ਰਿਤਸਰ ਫੇਰੀ ਦੀਆਂ ਖਬਰਾਂ ਨੇ ਯੂ ਟਰਨ

                 
ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸੁਭਾਇਮਾਨ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਦੀ ਮਹਾਨਤਾ ਦਾ ਸਭ ਤੋਂ ਅਹਿਮ ਸਬੂਤ ਇਹ ਹੈ ਕਿ ਇਸ ਧਾਮ ਦੀ ਉਪਮਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਕੀਤੀ ਗਈ ਹੈ। ਇੱਕ ਸਿੱਖ, ਭਾਵੇਂ ਦੁਨੀਆਂ ਦੇ ਕਿਸੇ ਖਿੱਤੇ ਵਿੱਚ ਵੀ ਵਸਦਾ ਹੋਵੇ, ਉਸਦੇ ਸੀਨੇ ਵਿੱਚ, ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਲੋਚਾ ਹਮੇਸ਼ਾ ਬਣੀ ਰਹਿੰਦੀ ਹੈ। ਮੁਗਲ ਹਕੂਮਤ ਵੇਲੇ ਸਿੱਖਾਂ ਨੂੰ ਮਾਰ ਮਾਰ ਕੇ ਹੰਭ ਚੁੱਕੇ ਇੱਕ ਹਾਕਮ ਨੇ, ਅੱਕ ਕੇ ਆਪਣੇ ਕੁੱਝ ਸਲਾਹਕਾਰਾਂ ਨੂੰ ਪੁੱਛਿਆ ਕਿ ਅਸੀਂ ਸਿੱਖਾਂ ਦੇ ਆਹੂ ਲਾਹੂ ਲਾਹ ਥੱਕ ਗਏ ਹਾਂ, ਪਰ ਇਹ ਮੁੱਕਣ ‘ਚ ਕਿਉਂ ਨਹੀਂ ਆਉਂਦੇ? ਸਿੱਖ ਵਿਰਸੇ ਤੋਂ ਥੋੜਾ-ਬਹੁਤ ਜਾਣੂ ਕਿਸੇ ਸਲਾਹੂ ਨੇ ‘ਭੇਤ ਵਾਲੀ’ ਗੱਲ ਇਹ ਦੱਸੀ-

ਪੀਰ ਇਨਹਿਂ ਕਾ ਵਲੀ ਭਯੋ ਹੈ, ਇਨਕੋ ਆਬੇ-ਹਯਾਤ ਦਯੋ ਹੈ।
(ਅਰਥਾਤ-ਸਿੱਖਾਂ ਦਾ ਵੱਡ-ਪ੍ਰਤਾਪੀ ਗੁਰੂ ਸੂਰਮਾ, ਇਹਨਾਂ ਨੂੰ ਸਦਾ ਲਈ ਅਮਰ ਕਰ ਦੇਣ ਵਾਲਾ ਅੰਮ੍ਰਿਤ (ਪਾਣੀ) ਦੇ ਗਿਆ ਹੋਇਆ ਹੈ!)

ਹਾਕਮਾਂ ਨੇ ਸਿਧ-ਪਧਰਾ ਜਿਹਾ ਹਿਸਾਬ ਲਾ ਕੇ, ਕਿ ਸਿੱਖਾਂ ਨੂੰ ਅਮਰ ਬਣਾਉਣ ਵਾਲਾ ਆਬੇ-ਹਯਾਤ ਦਾ ਕੁੰਡ, ਅੰਮ੍ਰਿਤਸਰ ਵਾਲਾ ਹੀ ਹੈ, ਉੱਥੇ ਇਸ਼ਨਾਨ ਕਰਨ ‘ਤੇ ਸਖਤ ਪਾਬੰਦੀਆ ਲਾ ਦਿੱਤੀਆਂ। ਆਲੁ ਦੁਆਲੇ ਜਬਰਦਸਤ ਪਹਿਰਾ ਬਿਠਾ ਦਿੱਤਾ। ਐਸੇ ਹਵਾਲੇ ਵੀ ਮਿਲਦੇ ਹਨ ਕਿ ਦਰਸ਼ਨ-ਪਰਸ਼ਨ ਕਰਨ ਆਏ ਸਿੰਘ, ਪਹਿਰੇਦਾਰਾਂ ਵਲੋਂ ਕਤਲ ਵੀ ਕਰ ਦਿੱਤੇ ਜਾਂਦੇ। ਪ੍ਰੰਤੂ ਤਤਕਾਲੀ ਸਿੰਘ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਰੋਵਰ ਵਿੱਚ ਟੁੱਭੀਆਂ ਲਾਉਣ ਆਉਂਦੇ ਜਾਂਦੇ ਰਹਿੰਦੇ। ਇਸੇ ‘ਦੁੱਖੋਂ’ ਹਾਕਮਾਂ ਵਲੋਂ ਸ਼੍ਰੀ ਦਰਬਾਰ ਸਾਹਿਬ ਦਾ ਸਰੋਵਰ ਕਈ ਵਾਰ ਪੂਰਿਆ ਜਾਂਦਾ ਰਿਹਾ। ਉਹਨਾਂ ਹੀ ਸਮਿਆਂ ਵਿੱਚ ਪੰਥ ਵਲੋਂ ਅਰਦਾਸ ਵਿੱਚ ਵੀ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ-ਇਸ਼ਨਾਨ ਦੀ ਯਾਚਨਾ ਵਾਲੇ ਸ਼ਬਦ ਪਾਏ ਗਏ।

ਅੰਗਰੇਜ਼ੀ ਕਵੀ ਵਰਡਜ਼ਬਰਥ ਦੇ ਹਾਣ ਦੇ ਪੰਜਾਬੀ ਬੋਲੀ ਦੇ ਅਲਬੇਲੇ ਸ਼ਾਇਰ ਪ੍ਰੋ:ਪੂਰਨ ਸਿੰਘ ਨੇ ਇੱਕ ਥਾਂ ਸਿੱਖਾਂ ਨੂੰ ਸਲਾਹ ਦਿੰਦਿਆਂ ਲਿਖਿਆ ਕਿ ਐ ਸਿੱਖਾ! ਜਦ ਤੇਰੇ ਦਿਲ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਤਾਂਘ ਪੈਦਾ ਹੋਵੇ ਤਾਂ ਫਿਰ ਆਲਸ ਜਾਂ ਘੋਲ ਨਾ ਕਰੀਂ! ਗੁਰੂ ਕੀ ਨਗਰੀ ਨੂੰ ਉਸੇ ਵਕਤ ਚੱਲ ਪਈਂ---ਔਰ ਹਾਂ, ਉੱਥੇ ਪਹੁੰਚ ਪਰਿਕਰਮਾ ਕਰਦਿਆਂ, ਆਪਣੇ ਕਦਮ ਬੜੇ ਧਿਆਨ ਨਾਲ ਰੱਖੀਂ, ਕਿਉਂਕਿ ਉੱਥੋਂ ਦੀ ਹਰ ਸਿੱਲ ਥੱਲੇ ਸ਼ਹੀਦਾਂ ਦਾ ਪਾਕਿ-ਪਵਿੱਤਰ ਲਹੂ ਡੁੱਲ੍ਹਿਆ ਹੋਇਆ ਹੈ!--ਉਸ ਖੂਨ ਦੇ ਅਦਬ ਦਾ ਖਿਆਲ ਰੱਖ ਕੇ ਤੁਰੀਂ ਫਿਰੀਂ!!!

ਕਹਿੰਦੇ ਨੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬਾਹਰੋਂ ਅੰਮ੍ਰਿਤਸਰ ਵੱਲ ਆਉਣ ਵੇਲੇ, ਇਸ ਸ਼ਹਿਰ ਦੀਆਂ ਮਮਟੀਆਂ ਨਜ਼ਰੀਂ ਆਉਣ ‘ਤੇ ਘੋੜੇ ਤੋਂ ਉੱਤਰ ਕੇ ਪੈਦਲ ਚੱਲਣ ਲਗਦੇ!

ਇਹੋ ਜਿਹੀਆਂ ਸੈਂਕੜੇ ਇਤਿਹਾਸਕ ਮਿਸਾਲਾਂ ਦੇ ਮੱਦੇ-ਨਜ਼ਰ, ਜਦ ਸਿੱਖਾਂ ਦੇ ਕੰਨੀਂ ਕਿਸੇ ਦੂਜੇ ਧਰਮ ਦੇ ਪੈਰੋਕਾਰ ਦੀ ਅੰਮ੍ਰਿਤਸਰ ਯਾਤਰਾ ਦੀ ਕਨਸੋਅ ਪੈਂਦੀ ਹੈ, ਤਾਂ ਸਮੂਹ ਸਿੱਖਾਂ ਦੀਆਂ ਵਾਛਾਂ ਖਿੜ ਜਾਂਦੀਆਂ ਹਨ! ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ!! ਉੱਥੋਂ ਦੀ ਯਾਤਰਾ ‘ਤੇ ਜਾ ਰਿਹਾ ਵਿਅਕਤੀ ਜੇ ਕੋਈ ਵਿਸ਼ਵ ਪ੍ਰਸਿੱਧੀ ਵਾਲਾ ਸੱਜਣ ਹੋਵੇ ਤਾਂ ਸਿੱਖ ਭਰਾਵਾਂ ਦੀਆਂ ਖੁਸ਼ੀਆਂ ਹੋਰ ਦੂਣ-ਸਵਾਈਆਂ ਹੋ ਜਾਂਦੀਆਂ ਹਨ। ਇਹਨਾਂ ਖੁਸ਼ੀਆਂ ਪਿੱਛੇ ਕੋਈ ਹੋਰ ‘ਗੁਪਤ ਕਾਰਨ’ ਨਹੀਂ, ਸਗੋਂ ਇੱਕ ਪਿਆਰੀ ਤੇ ਭੋਲੀ ਜਿਹੀ ਰੀਝ ਹੀ ਹੁੰਦੀ ਹੈ ਕਿ ਚੌਂਹ ਦਰਵਾਜਿਆਂ ਵਾਲੇ ਉਸ ਸਰਬ-ਸਾਂਝੇ ਰੂਹਾਨੀ ਅਸਥਾਨ ਦੀ ਉਪਮਾ ਵਿੱਚ ਵਾਧਾ ਹੋਵੇ!

ਬੀਤੇ ਦਿਨੀ ਕੁੱਝ ਅਜਿਹਾ ਹੀ ਹੋਇਆ, ਜਦੋਂ ਵਿਸ਼ਵ ਦੀ ਸੁਪਰ ਤਾਕਤ ਮੰਨੇ ਜਾਂਦੇ ਅਮਰੀਕਾ ਰਾਸ਼ਟਰਪਤੀ ਸ਼੍ਰੀ ਬਰਾਕ ਉਬਾਮਾ ਦੀ ਅੰਮ੍ਰਿਤਸਰ ਯਾਤਰਾ ਬਾਰੇ ਖਬਰਾਂ ਛਪੀਆਂ। ਵੈਸੇ ਤਾਂ ਇਹ ਖਬਰਾਂ ਪੜ੍ਹ ਸੁਣ ਕੇ ਸਾਰੇ ਸਿੱਖਾਂ ਨੇ ਖੁਸ਼ੀ ਮਨਾਈ ਪ੍ਰੰਤੂ ਅਮਰੀਕਾ ਵਿੱਚ ਵਸਦੇ ਸਿੱਖਾਂ ਦੇ ਚਿਹਰਿਆਂ ਤੇ ਕੁੱਝ ਵਧੇਰੇ ਹੀ ਲਾਲੀਆਂ ਛਾਅ ਗਈਆਂ! ਸਿੱਖ ਹਾਲੇ ਕੱਛਾਂ ਹੀ ਵਜਾ ਰਹੇ ਸਨ ਕਿ ਉਲਟ ਖਬਰਾਂ ਆਉਣ ਲੱਗ ਪਈਆਂ, ਅਖੇ ਅਮਰੀਕਨ ਰਾਸ਼ਟਰਪਤੀ ਅੰਮ੍ਰਿਤਸਰ ਨਹੀਂ ਜਾ ਸਕਣਗੇ! ਅਚਿੰਤੇ ਬਾਜ ਪੈਣ ਵਾਂਗ ਅਚਾਨਕ ਹੋਈ ਇਸ ਤਬਦੀਲੀ ਦੇ ਕਾਰਨਾ ਬਾਰੇ ਮੀਡੀਏ ‘ਚ ਕਈ ਤਰਾਂ ਦੀਆਂ ਦੰਦ-ਕਥਾਵਾਂ ਚੱਲਣ ਲੱਗੀਆਂ। ਕੋਈ ਕੁੱਛ ਲਿਖ-ਬੋਲ ਰਿਹਾ ਹੈ ਕੋਈ ਕੁੱਛ!

ਇਹਨਾਂ ਸਤਰਾਂ ਦੇ ਲਿਖਾਰੀ ਨੂੰ ਇਸ ‘ਤਬਦੀਲੀ’ ਦੇ ‘ਗੁੱਝੇ ਕਾਰਨਾ’ ਬਾਰੇ ਸੋਚਦਿਆਂ, ਪ੍ਰਿੰਸੀਪਲ ਸਤਿਬੀਰ ਸਿੰਘ ਜੀ ਮੂੰਹੋਂ ਸੁਣੀ ਹੋਈ ਇੱਕ ਗੱਲ ਯਾਦ ਆ ਗਈ। ਜੋ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਦੀਵਾਨ ਵਿੱਚ ਸੁਣਾਈ ਸੀ। ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਰੱਖੀ ਗਈ ‘ਵਿਜਿ਼ਟਰ ਬੁੱਕ’ ਦੇ ਹਵਾਲੇ ਨਾਲ ਉਸ ਦੱਸ ਰਹੇ ਸਨ ਕਿ ਭਾਰਤ ਦੇ ਦੌਰੇ ‘ਤੇ ਆਏ ਹੋਏ ਇੱਕ ਅਸਟ੍ਰੇਲੀਅਨ ਡਿਪਲੋਮੈਂਟ ਨੇ ਆਗਰੇ ਦਾ ਤਾਜ ਮਹਿਲ ਦੇਖਣ ਤੋਂ ਬਾਅਦ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇਖਣ ਦੀ ਵੀ ਇੱਛਾ ਪ੍ਰਗਟਾਈ। ਪ੍ਰੰਤੂ ਉਸਦੀ ਯਾਤਰਾ ਦਾ ਪ੍ਰੋਗਰਾਮ ਉਲੀਕਣ ਵਾਲੇ ਭਾਰਤੀ ਅਧਿਕਾਰੀਆਂ ਨੇ ਉਸ ਆਗੂ ਦੇ ਯਾਤਰਾ-ਏਜੰਡੇ ਵਿੱਚ ਅੰਮ੍ਰਿਤਸਰ ਦਾ ਟੂਰ ਰੱਖਿਆ ਹੀ ਨਹੀਂ ਸੀ ਹੋਇਆ। ਪਰ ਇਸ ਆਗੂ ਵਲੋਂ ਸ਼੍ਰੀ ਦਰਬਾਰ ਸਾਹਿਬ ਦੇਖਣ ਦੀ ਪ੍ਰਗਟਾਈ ਗਈ ਜੋਰਦਾਰ ਇੱਛਾ ਕਾਰਨ, ਸਰਕਾਰੀ ਅਧਿਕਾਰੀਆਂ ਨੂੰ ਮਜਬੂਰੀ ਵਸ ਉਸਨੂੰ ਅੰਮ੍ਰਿਤਸਰ ਲੈ ਕੇ ਜਾਣਾ ਪਿਆ!

ਪ੍ਰਿੰਸੀਪਲ ਸਾਹਿਬ ਨੇ ਦੱਸਿਆ ਸੀ ਕਿ ਉਸ ਵਿਦੇਸ਼ੀ ਮਹਿਮਾਨ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਵੀ ਸੁਣਿਆਂ ਤੇ ਲੰਗਰ ਵੀ ਛਕਿਆ। ਸ਼੍ਰੋਮਣੀ ਕਮੇਟੀ ਦੇ ਸੂਚਨਾ-ਕੇਂਦਰ ਵਿੱਚ ਰੱਖੀ ਹੋਈ ‘ਵਿਜਿ਼ਟਰ ਬੁੱਕ’ ਵਿੱਚ ਉਸ ਆਗੂ ਨੇ ਜਾਣ ਲੱਗਿਆਂ ਕੁੱਝ ਅਜਿਹੇ ਸ਼ਬਦ ਲਿਖੇ-

“ਮੈਨੂੰ ਇਸ ਗੱਲ ਦੀ ਬੇ-ਹੱਦ ਹੈਰਾਨੀ ਹੋਈ ਹੈ ਕਿ ਭਾਰਤੀ ਸਰਕਾਰੀ ਅਧਿਕਾਰੀ, ਇੱਕ ਬਾਦਸ਼ਾਹ ਵਲੋਂ ਆਪਣੀ ਪਿਆਰੀ ਪਤਨੀ ਦੀ ਯਾਦ ਵਿੱਚ ਬਣਾਈ ਹੋਈ ‘ਸੁੰਦਰ ਕਬਰ’ (ਤਾਜ ਮਹਿਲ) ਦਿਖਾਉਣ ਲਈ ਤਾਂ ਗਹਿਰੀ ਦਿਲਚਸਪੀ ਰੱਖਦੇ ਹਨ। ਪਰ ਜਿਸ ਅਸਥਾਨ ‘ਤੇ ਪਹੁੰਚ ਕੇ, ਤਨ ਮਨ ਨੂੰ ਅਦਭੁੱਤ ਸਕੂਨ ਮਿਲਦਾ ਹੈ ਅਤੇ ਰੂਹਾਨੀ ਠੰਡਕ ਪ੍ਰਾਪਤ ਹੁੰਦੀ ਹੈ, ਉਸਨੂੰ ਵਿਦੇਸ਼ੀ ਮਹਿਮਾਨਾਂ ਦੀ ਪਹੁੰਚ ਤੋਂ ਦੂਰ ਪਤਾ ਨਹੀਂ ਕਿਉਂ ਰੱਖਿਆ ਜਾਦਾ ਹੈ?”

ਇਸ ਅਸਟ੍ਰੇਲੀਅਨ ਡਿਪਲੋਮੈਂਟ ਵਲੋਂ ਕੀਤੇ ਗਏ ਹੈਰਾਨੀ ਭਰੇ ਸਵਾਲ ਦੀ ਕੁੰਜੀ ਨਾਲ, ਸ਼੍ਰੀ ਬਰਾਕ ਉਬਾਮਾ ਦੀ ਅੰਮ੍ਰਿਤਸਰ ਫੇਰੀ ਰੱਦ ਹੋ ਜਾਣ ਵਾਲਾ ਭੇਤ ਭਰਿਆ ਤਾਲਾ, ਬੜੀ ਅਸਾਨੀ ਨਾਲ ਖੋਲ੍ਹਿਆ ਜਾ ਸਕਦਾ ਹੈ!

ਤਰਲੋਚਨ ਸਿੰਘ ਦੁਪਾਲਪੁਰ