ਵਿਦੇਸ਼ ਦੀ ਧਰਤੀ ਉਤੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲਾ ਇਕ ਸ਼ਹਿਰ। ਕਈ ਦਹਾਕਿਆਂ ਤੋਂ ਹੁੰਦੇ ਆ ਰਹੇ ਸਾਲਾਨਾ ਜੋੜ-ਮੇਲੇ ਸਮੇਂ ਦੂਰ-ਦੁਰਾਡੇ ਤੋਂ ਆਏ ਹੋਏ ਲਗਪਗ ਪੰਜਾਹ-ਸੱਠ ਹਜ਼ਾਰ ਸਿੱਖਾਂ ਦਾ ਇਕੱਠ। ਸੂਈ ਦੇ ਨੱਕੇ ਵਿਚੋਂ ਲੰਘਣ ਵਰਗੀ ਪਰਵਾਸੀ ਤਰਜ਼-ਇ-ਜ਼ਿੰਦਗੀ ਤੋਂ ਅੱਕੇ ਹੋਏ ਸਿੰਘ, ਪੰਜਾਬ ਦੇ ਮੇਲਿਆਂ-ਮਸ੍ਹਾਵਿਆਂ ਜਿਹਾ ਖੁੱਲ੍ਹ-ਖੁਲਾਸਾ ਆਨੰਦ ਮਾਨਣ ਲਈ ਹੁੰਮ-ਹੁਮਾ ਕੇ ਮੇਲੇ ‘ਤੇ ਪਹੁੰਚੇ ਹੋਏ ਪਰ ਬੇ-ਮੌਸਮੇ ਭਾਰੀ ਮੀਂਹ ਨੇ ਸ਼ਰਧਾਲੂਆਂ ਦਾ ਸੁਹਜ-ਸੁਆਦ ਹੀ ਕਿਰਕਿਰਾ ਕਰ ਦਿੱਤਾ। ਚਲੋ, ਇਹ ਤਾਂ ਕੁਦਰਤੀ ਅਮਲ ਸੀ ਜਿਸ ਨੂੰ ਰੋਕ ਸਕਣਾ ਮਨੁੱਖ ਦੇ ਵੱਸ ਵਿਚ ਨਹੀਂ ਪਰ ਇਸ ਜੋੜ-ਮੇਲੇ ਦੇ ਵਿਆਹ ਵਰਗੇ ਮਾਹੌਲ ਵਿਚ ‘ਬੀ ਦਾ ਲੇਖਾ’ ਪਾਉਣ ਲਈ ਸਥਾਨਕ ਸਿੱਖਾਂ ਦੀਆਂ ਧੜੇਬੰਦੀਆਂ ਨੇ ਆਪਸ ਵਿਚੀਂ ਸਿੰਗ ਫਸਾਉਣ ਦੇ ਜੌਹਰ ਵੀ ਦਿਖਾਲੇ। ਮੇਲੇ ਦੀਆਂ ਖ਼ਬਰਾਂ ਵਿਚ ਦੱਸਿਆ ਗਿਆ ਕਿ ਲੜਾਈ-ਭਿੜਾਈ ਕਾਰਨ ਲੱਗੀਆਂ ਸੱਟਾਂ-ਫੇਟਾਂ ਕਰਕੇ ਜਿੰਨੇ ਕੁ ਸਿੰਘ-ਸੂਰਮਿਆਂ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ, ਓਨਿਆਂ ਕੁ ਨੂੰ ਹੀ ਪੁਲਿਸ ਵਾਲੇ ਗ੍ਰਿਫ਼ਤਾਰ ਕਰ ਕੇ ਲੈ ਗਏ।
ਇਕ ਸੀਨੀਅਰ ਪੱਤਰਕਾਰ ਨੇ ਜੋੜ-ਮੇਲੇ ਦੀ ਖ਼ਬਰ ਬਣਾਉਂਦਿਆਂ ਚੁਟਕੀ ਲਈ, “ਭਈ ਕਰਤਾਪੁਰਖ਼ ਨੇ ਮੇਲੇ ਵਿਚ ਠੰਢ-ਠੇਰ ਰੱਖਣ ਲਈ, ਤਪਦੇ ਹਿਰਦਿਆਂ ਨੂੰ ਸ਼ਾਂਤ ਰੱਖਣ ਦੀ ਕਵਾਇਦ ਵਜੋਂ ਲਗਾਤਾਰ ਵਰਖਾ ਈ ਪਾਈ ਰੱਖੀ।” ਲੇਕਿਨ ਫਿਰ ਵੀ ‘ਦੰਗਾ ਹੀ ਇਨ ਗੁਰ ਸਿਉਂ ਮੰਗਾ’ ਦੇ ਧਾਰਨੀ ਸਿੰਘਾਂ ‘ਤੇ ਇਸ ਦਾ ਕੋਈ ਅਸਰ ਨਾ ਹੋਇਆ। ਯਾਦ ਰਹੇ, ਹਰ ਸਾਲ ਇਹ ਜੋੜ-ਮੇਲਾ ਸਿੱਖ ਜਗਤ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹੁੰਦਾ ਹੈ। ਵਿਚਾਰਯੋਗ ਨੁਕਤਾ ਇਹ ਹੈ ਕਿ ਉਸ ਜਨ-ਸਮੂਹ ਨੂੰ ਮੀਂਹ ਵੀ ਕਿੰਨਾ ਕੁ ਸ਼ਾਂਤ ਕਰ ਸਕਦਾ ਹੈ ਜਿਹੜਾ ਆਪਣੇ ਸਤਿਗੁਰੂ ਦੇ ਇਤਿਹਾਸਕ ਪੁਰਬ ਦੇ ਸਮਾਗਮ ਵਿਚ ਘੁੰਮਦਿਆਂ ਹੋਇਆਂ ‘ਤਪਸ਼’ ਵੀ ਨਾਲ ਹੀ ਚੁੱਕੀ ਫਿਰਦਾ ਹੋਵੇ!
ਮਸਕੀਨ ਜੀ ਕਿਹਾ ਕਰਦੇ ਸਨ ਕਿ ਵੱਖ ਵੱਖ ਕੌਮਾਂ ਦੇ ਸੁਭਾਅ ਹੌਲੀ ਹੌਲੀ ਪੱਕੀਆਂ ਆਦਤਾਂ ਬਣ ਕੇ ਸਦੈਵ-ਕਾਲ ਲਈ ਉਨ੍ਹਾਂ ਦੇ ਨਾਲ ਹੀ ਜੁੜ ਗਏ। ਬਾਣੀਆਂ ਨਾਲ ਮਾਇਆ ਦਾ ਮੋਹ ਜੁੜ ਗਿਆ। ਔਰਤ ਜਿਸਮ ਦੀ ਲਾਲਸਾ ਇਸਲਾਮੀ ਮਰਦ-ਜਮਾਤ ਨਾਲ ਜੁੜ ਗਈ। ਇਸੇ ਤਰ੍ਹਾਂ ਸ਼ਰਾਬ ਪੀਣ ਦੀ ਲਾਹਣਤ ਪੂਰੀ ਤਰ੍ਹਾਂ ਸਿੱਖਾਂ ਦੀ ਸੰਗੀ ਬਣ ਚੁੱਕੀ ਹੈ। ਜੇ ਸਵਰਗੀ ਮਸਕੀਨ ਜੀ ਕੁਝ ਵਰ੍ਹੇ ਹੋਰ ਜੀਵਤ ਰਹਿੰਦੇ ਤਾਂ ਸ਼ਰਾਬ ਦੇ ਨਾਲ ਨਾਲ ‘ਲੜਾਈ’ ਦੀ ਇਕ ਹੋਰ ਖ਼ੂਬੀ ਵੀ ਆਪਣੀ ਕੌਮ ਨਾਲ ਜੁੜਦੀ ਦੇਖ ਲੈਂਦੇ!
ਖ਼ਾਲਸਾ ਸਾਜਨਾ ਦਿਵਸ, ਸ੍ਰੀ ਆਨੰਦਪੁਰ ਸਾਹਿਬ ਦੀ ਇਤਿਹਾਸਕ ਵਿਸਾਖੀ ਦਾ ਬਿਰਤਾਂਤ ਸੁਣਾਉਂਦਿਆਂ ਕਥਾਵਾਚਕ ਅਤੇ ਰਾਗੀ-ਢਾਡੀ, ਪੁਰਾਤਨ ਗ੍ਰੰਥਾਂ ਦੇ ਹਵਾਲਿਆਂ ਨਾਲ ਕਿਹਾ ਕਰਦੇ ਹਨ ਕਿ ਜਦੋਂ ਸਾਹਿਬ ਦਸਮੇਸ਼ ਪਿਤਾ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਸਨ ਤਾਂ ਗੁਰੂ ਕੇ ਮਹਿਲ ਮਾਤਾ ਜੀਤੋ ਜੀ ਨੇ ਝੋਲੀ ਪਤਾਸਿਆਂ ਦੀ ਬਾਟੇ ‘ਚ ਲਿਆ ਪਾਈ। ਗੁਰੂ ਸਾਹਿਬ ਨੇ ਵੱਡੀ ਪ੍ਰਸੰਨਤਾ ਜ਼ਾਹਿਰ ਕਰਦਿਆਂ ਮਾਤਾ ਜੀ ਦੇ ਇਸ ਕਰਤਵ ਦੀ ਭਰਪੂਰ ਸਰਾਹਨਾ ਕੀਤੀ। ਆਪ ਨੇ ਫੁਰਮਾਇਆ ਕਿ ਅੰਮ੍ਰਿਤ ਦੀ ਸ਼ਕਤੀ ਵਿਚ ਬੀਰ-ਰਸ ਦੇ ਨਾਲ ਪ੍ਰੇਮ-ਰਸ ਵੀ ਰਲ ਗਿਆ ਹੈ। ਜਿਵੇਂ ਜੋਸ਼ ਦੇ ਨਾਲ ਹੋਸ਼ ਜ਼ਰੂਰੀ ਹੈ, ਇਵੇਂ ਜੰਗਜੂ ਸੁਭਾਅ ਦੇ ਨਾਲ ਹਲੀਮੀ ਅਤੇ ਨਿਮਰਤਾ ਵੀ ਲਾਜ਼ਮੀ ਚਾਹੀਏ। ਪਤਾਸਿਆਂ ਦੀ ਮਿਠਾਸ ਨਾਲ ਇਸ ਅੰਮ੍ਰਿਤ ਵਿਚ ਇਹ ਸਦ-ਗੁਣ ਵੀ ਰਚ-ਮਿਚ ਗਏ ਹਨ!
ਜਿਵੇਂ ਸੰਸਾਰ ਵਿਚ ਮਚੇ ਹੋਏ ਕਲਹ-ਕਲੇਸ਼, ਈਰਖਾ-ਸਾੜਾ ਅਤੇ ਮਾਰ-ਧਾੜ ਤੋਂ ਦੁਖੀ ਹੋਇਆ ਇਕ ਵਿਦਵਾਨ ਕਹਿੰਦਾ ਹੈ ਕਿ ਬਹੁਤ ਸਾਰੇ ਰਹਿਬਰਾਂ ਦੇ ਧਰਮ-ਫ਼ਲਸਫ਼ਿਆਂ ਦੇ ਹੁੰਦਿਆਂ ਵੀ ਜੇ ਦੁਨੀਆਂ ਦਾ ਆਹ ਹਾਲ ਹੈ, ਤਾਂ ਇਨ੍ਹਾਂ ਦੇ ਨਾ ਹੋਣ ਦੀ ਸੂਰਤ ਵਿਚ ਦੁਨੀਆਂ ‘ਤੇ ਕੀ ਗੁਜ਼ਰਦੀ? ਇਵੇਂ ਹੀ ਸੋਚਿਆ ਜਾਵੇ ਕਿ ਜੇ ਮਾਤਾ ਜੀਤੋ ਜੀ ਅੰਮ੍ਰਿਤ ਦੇ ਬਾਟੇ ਵਿਚ ਪਤਾਸਿਆਂ ਦੀ ਝੋਲੀ ਭਰ ਕੇ ਨਾ ਪਾਉਂਦੇ ਤਾਂ ਸ਼ਾਇਦ ਸਾਡਾ ਇਤਿਹਾਸ ਕਿਸੇ ਹੋਰ ਤਰ੍ਹਾਂ ਦਾ ਹੀ ਹੁੰਦਾ! ਪੂਜਯ ਮਾਤਾ ਜੀ ਦਾ ਕੋਟਾਨਿ-ਕੋਟਿ ਸ਼ੁਕਰਾਨਾ ਕਰਨਾ ਬਣਦਾ ਹੈ ਜਿਨ੍ਹਾਂ ਦੇ ਕਰਤਵ ਸਦਕਾ ਚਿੜੀਆਂ ਕੋਲੋਂ ਬਾਜ਼ਾਂ ਨੂੰ ਤੁੜਵਾਉਣ ਦੀ ਸ਼ਕਤੀ ਵਾਲੇ ਅੰਮ੍ਰਿਤ ਵਿਚ ਪ੍ਰੇਮ-ਰਸ ਵੀ ਸਮਾ ਗਿਆ!
ਪੰਜਵੇਂ ਗੁਰੂ ਜੀ ਦੀ ਸ਼ਹਾਦਤ ਦੇ ਪਿੱਛੇ ਸਾਜ਼ਿਸ਼ਘਾੜਿਆਂ ਵਿਚੋਂ ਇਕ ਚੰਦੂ ਦੇ ਨੱਕ ਵਿਚ ਨਕੇਲ ਪਾ ਕੇ ਜਦੋਂ ਉਸ ਨੂੰ ਲਾਹੌਰ ਦੀਆਂ ਗਲੀਆਂ ਵਿਚ ਘੁੰਮਾਇਆ ਜਾ ਰਿਹਾ ਸੀ ਤਾਂ ਛੇਵੇਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਹਰ ਸਿੱਖ ਚੰਦੂ ਦੇ ਪੰਜ ਜੁੱਤੀਆਂ ਜ਼ਰੂਰ ਮਾਰੇ। ਇਸ ਮੌਕੇ ਦੇ ਇਤਿਹਾਸ ਨੂੰ ਥੋੜ੍ਹਾ ਵਿਅੰਗਮਈ ਅੰਦਾਜ਼ ਨਾਲ ਪੇਸ਼ ਕਰਦਿਆਂ ਢਾਡੀ ਦਿਲਬਰ ਜੀ ਕਿਹਾ ਕਰਦੇ ਸਨ ਕਿ ਇਹੋ ਜਿਹੇ ਕੰਮ ਲਈ ਸਾਡਾ ਭਾਈਚਾਰਾ ਬਹੁਤ ਫੁਰਤੀ ਦਿਖਾਉਂਦਾ ਹੈ! ਕਈ ਸਿੱਖ ਚੰਦੂ ਦੇ ਸਿਰ ‘ਚ ਪੰਜ ਛਿੱਤਰ ਮਾਰ ਕੇ ਵੀ ਕਹਿਣ ਲੱਗ ਪਿਆ ਕਰਨ, ‘ਸੱਚੇ ਪਾਤਸ਼ਾਹ ਜੀ, ਹਾਲੇ ਪੰਜ ਨਹੀਂ ਪੂਰੇ ਹੋਏ!!’ ਕਈ ਜਣੇ ਇਹ ‘ਸੇਵਾ’ ਭੁਗਤਾਉਣ ਤੋਂ ਦੋ-ਚਾਰ ਘੰਟੇ ਬਾਅਦ ਘੁੰਮ-ਘੁਮਾ ਕੇ ਫਿਰ ਆਣ ਫ਼ਤਿਹ ਬੁਲਾਉਣ, ‘ਮਹਾਰਾਜ ਜੀ, ਮੇਰੀ ਤਾਂ ਹਾਲੇ ਵਾਰੀ ਹੀ ਨਹੀਂ ਆਈ!’
ਵੱਖ ਵੱਖ ਭੂਗੋਲਿਕ ਖਿੱਤਿਆਂ ਵਿਚ ਪੈਦਾ ਹੋਈਆਂ ਕੌਮਾਂ ਜਾਂ ਵਿਸ਼ੇਸ਼ ਜਨ-ਸਮੂਹਾਂ ਦੀਆਂ ਖ਼ਾਸੀਅਤਾਂ ਉਨ੍ਹਾਂ ਦੇ ਜੀਨਜ਼ ਵਿਚ ਰਚ ਗਈਆਂ। ਕਾਬੁਲ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ ਵਾਲੀ ਕਹਾਵਤ ਅਫ਼ਗਾਨੀ ਪਠਾਣਾਂ ਦੀ ਜੰਗਜੂ ਬਿਰਤੀ ਦੀ ਲਖਾਇਕ ਬਣ ਗਈ। ਇਸੇ ਤਰ੍ਹਾਂ ਪੰਜਾਂ ਦਰਿਆਵਾਂ ਦੀ ਜਰਖ਼ੇਜ਼ ਭੂਮੀ ਵਿਚ ਸਾਜੀ ਗਈ ਸਿੱਖ ਕੌਮ ਮਾਰਸ਼ਲ ਕੌਮਾਂ ਵਿਚ ਗਿਣੀ ਜਾਂਦੀ ਹੈ ਕਿਉਂ ਜੋ ਇਸ ਦਾ ਨਿਆਰਾ ਸਰੂਪ, ਵਿਗਿਆਨਕ ਤੇ ਇਨਕਲਾਬੀ ਫ਼ਲਸਫ਼ਾ ਇਸ ਕੌਮ ਨੂੰ ਵਿਲੱਖਣਤਾ ਬਖ਼ਸ਼ਦਾ ਹੈ। ਇਹ ਵਿਲੱਖਣਤਾ ਵਾਲ ਮੀਰੀ ਗੁਣ ਦੂਸਰਿਆਂ ਦੇ ਅੱਖਾਂ ਵਿਚ ਰੜਕਦਾ ਹੀ ਰਹਿੰਦਾ ਹੈ। ਤਿੰਨ ਸਦੀਆਂ ਤੋਂ ਆਪਣੀ ਹਸਤੀ ਦੀ ਰਾਖੀ ਲਈ ਲੜਦੇ-ਭਿੜਦੇ ਰਹਿਣ ਕਰਕੇ ਇੱਟ-ਖੜੱਕੇ ਵਾਲੀਆਂ ਆਦਤਾਂ ਸਾਡੀ ਕੌਮ ਵਿਚ ਕੁਝ ਜ਼ਿਆਦਾ ਹੀ ਘਰ ਕਰ ਗਈਆਂ ਹਨ।
ਵੱਖ ਵੱਖ ਭੂਗੋਲਿਕ ਖਿੱਤਿਆਂ ਵਿਚ ਪੈਦਾ ਹੋਈਆਂ ਕੌਮਾਂ ਜਾਂ ਵਿਸ਼ੇਸ਼ ਜਨ-ਸਮੂਹਾਂ ਦੀਆਂ ਖ਼ਾਸੀਅਤਾਂ ਉਨ੍ਹਾਂ ਦੇ ਜੀਨਜ਼ ਵਿਚ ਰਚ ਗਈਆਂ। ਕਾਬੁਲ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ ਵਾਲੀ ਕਹਾਵਤ ਅਫ਼ਗਾਨੀ ਪਠਾਣਾਂ ਦੀ ਜੰਗਜੂ ਬਿਰਤੀ ਦੀ ਲਖਾਇਕ ਬਣ ਗਈ। ਇਸੇ ਤਰ੍ਹਾਂ ਪੰਜਾਂ ਦਰਿਆਵਾਂ ਦੀ ਜਰਖ਼ੇਜ਼ ਭੂਮੀ ਵਿਚ ਸਾਜੀ ਗਈ ਸਿੱਖ ਕੌਮ ਮਾਰਸ਼ਲ ਕੌਮਾਂ ਵਿਚ ਗਿਣੀ ਜਾਂਦੀ ਹੈ ਕਿਉਂ ਜੋ ਇਸ ਦਾ ਨਿਆਰਾ ਸਰੂਪ, ਵਿਗਿਆਨਕ ਤੇ ਇਨਕਲਾਬੀ ਫ਼ਲਸਫ਼ਾ ਇਸ ਕੌਮ ਨੂੰ ਵਿਲੱਖਣਤਾ ਬਖ਼ਸ਼ਦਾ ਹੈ। ਇਹ ਵਿਲੱਖਣਤਾ ਵਾਲ ਮੀਰੀ ਗੁਣ ਦੂਸਰਿਆਂ ਦੇ ਅੱਖਾਂ ਵਿਚ ਰੜਕਦਾ ਹੀ ਰਹਿੰਦਾ ਹੈ। ਤਿੰਨ ਸਦੀਆਂ ਤੋਂ ਆਪਣੀ ਹਸਤੀ ਦੀ ਰਾਖੀ ਲਈ ਲੜਦੇ-ਭਿੜਦੇ ਰਹਿਣ ਕਰਕੇ ਇੱਟ-ਖੜੱਕੇ ਵਾਲੀਆਂ ਆਦਤਾਂ ਸਾਡੀ ਕੌਮ ਵਿਚ ਕੁਝ ਜ਼ਿਆਦਾ ਹੀ ਘਰ ਕਰ ਗਈਆਂ ਹਨ।
‘ਪਿਆਰ ਨਾਲ ਗ਼ੁਲਾਮੀ ਕਰਨ ਤਕ ਚਲੇ ਜਾਣਾ ਪਰ ਕਿਸੇ ਦੀ ‘ਟੈਂ’ ਨਾ ਮੰਨਣਾ’ ਪ੍ਰੋ. ਪੂਰਨ ਸਿੰਘ ਵੱਲੋਂ ਪੰਜਾਬ ਵਾਸੀਆਂ ਦੀ ਸਿਫ਼ਤ ਵਿਚ ਕਹੇ ਗਏ ਇਸ ਕਥਨ ਦੀ ਪ੍ਰੌੜ੍ਹਤਾ ਹਿਤ ਜੇ ਕੋਈ ਮਿਸਾਲ ਲੱਭਣੀ ਹੋਵੇ ਤਾਂ ਨਿਰਸੰਕੋਚ ਘਨਈਆ ਮਿਸਲ ਨਾਲ ਸਬੰਧਤ ਸਰਦਾਰ ਹਕੀਕਤ ਸਿੰਘ ਦਾ ਵਾਕਿਆ ਪੜ੍ਹ ਲੈਣਾ ਚਾਹੀਦਾ ਹੈ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਇਹ ਸਿੰਘ ਸਰਦਾਰ ਅਮਨ-ਅਮਾਨ ਦੇ ਦਿਨੀਂ ਆਪਣੀ ਹਵੇਲੀ ਦੇ ਵਿਹੜੇ ਵਿਚ ਦਰਖ਼ਤ ਦੀ ਛਾਂ ਹੇਠ ਸੁਸਤਾ ਰਿਹਾ ਸੀ। ਭਾਦੋਂ ਦੀ ਦੁਪਹਿਰ ਢਲ ਰਹੀ ਸੀ। ਇਸ ਨੇ ਅਚਾਨਕ ਮੰਜੇ ਲਾਗਿਉਂ ਆਪਣੀ ਬੰਦੂਕ ਚੁੱਕ ਦੇ ਦੋ-ਤਿੰਨ ਫਾਇਰ ਕਰ ਦਿੱਤੇ। ਇਸ ਦੇ ਸੰਗੀ-ਸਾਥੀ ਸੈਨਿਕ, ਗੋਲੀਆਂ ਚੱਲਣ ਦਾ ਖੜਾਕ ਸੁਣ ਕੇ ਇਧਰੋਂ-ਉਧਰੋਂ ਹਥਿਆਰ ਸੰਭਾਲਦੇ ਹੋਏ ਇਹਦੇ ਵੱਲ ਦੌੜੇ ਆਏ ਪਰ ਉਥੇ ਸਰਦਾਰ ਹਕੀਕਤ ਸਿੰਘ ਤੋਂ ਬਿਨਾਂ ਨਾ ਕੋਈ ਕਾਂ, ਨਾ ਕੋਈ ਪਰਿੰਦਾ! ਉਨ੍ਹਾਂ ਹੈਰਾਨ ਹੁੰਦਿਆਂ ਆਪਣੇ ਸਰਦਾਰ ਨੂੰ ਫਾਇਰ ਕਰਨ ਦਾ ਕਾਰਨ ਪੁੱਛਿਆ। ਸਿੰਘ ਸਾਹਿਬ ਮੁੱਛਾਂ ‘ਤੇ ਹੱਥ ਫੇਰ ਕੇ ਮੁਸਕਰਾਉਂਦਿਆਂ ਹੋਇਆਂ ਕਹਿੰਦੇ, ‘ਆਹ ਆਸਮਾਨ ਵਿਚ ਜ਼ਰਾ ਬੱਦਲ ਗਰਜਿਆ ਸੀ। ਮੈਨੂੰ ਜਾਪਿਆ ਕਿ ਇਹ ਖ਼ਾਲਸੇ ਨੂੰ ਵੰਗਾਰ ਰਿਹਾ ਹੈ! ਹਥਿਆਰ ਕੋਲ ਹੋਵੇ ਤੇ ਸਿੰਘ ਵੰਗਾਰ ਦਾ ਜਵਾਬ ਨਾ ਦੇਵੇ? ਇਹ ਕਿਵੇਂ ਹੋ ਸਕਦਾ ਹੈ! ਸੋ ਭਾਈ ਸਿੰਘੋ, ਮੈਂ ਤਾਂ ਬੱਦਲ ਦੀ ਗਰਜ ਦਾ ‘ਜਵਾਬ’ ਦਿੱਤਾ ਹੈ!’
ਸਿੱਖਾਂ ਦੇ ‘ਤੱਤੇ ਵਿਰਸੇ’ ਨੂੰ ਦਰਸਾਉਂਦਾ ਇਕ ਹੋਰ ਇਤਿਹਾਸਕ ਵਾਕਿਆ ਸੁਣੋ। ਸੰਮਤ 1789 ਬਿਕਰਮੀ ਦੇ ਅਖ਼ੀਰ ਵਿਚ ਲਾਹੌਰ ਦੇ ਨਾਜ਼ਮ ਨੇ ਦਿੱਲੀ ਤਖ਼ਤ ਨੂੰ ਖ਼ਤ ਲਿਖ ਕੇ ਜਾਣੂ ਕਰਾਇਆ ਕਿ ‘ਅਸੀਂ ਮਾਰ ਮਾਰ ਥੱਕ ਗਏ ਹਾਂ ਪਰ ਸਿੱਖ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਨੇ, ਇਹ ਨਹੀਂ ਮੁੱਕਦੇ। ਕੋਈ ਸੁਲਾਹਕੁਲ ਤਰੀਕਾ ਲੱਭਿਆ ਜਾਏ।’ ਉਸ ਵੇਲੇ ਦੇ ਦਿੱਲੀ-ਪਤਿ ਮੁਹੰਮਦ ਸ਼ਾਹ ਨੇ ਸਿੱਖਾਂ ਦੇ ਸਿਰੜ ਤੇ ਸਿਦਕ ਦੀਆਂ ਸਿਤਮ ਭਰੀਆਂ ਗੱਲਾਂ ਸੁਣ ਕੇ ਇੱਛਾ ਜ਼ਾਹਿਰ ਕੀਤੀ ਕਿ ਮੈਨੂੰ ਸਿੱਖਾਂ ਦੀਆਂ ਨਕਲਾਂ ਦਿਖਾਈਆਂ ਜਾਣ! ਸ਼ਾਹੀ ਹੁਕਮ ਹੋਣ ‘ਤੇ ਭੰਡ ਇਕੱਠੇ ਕੀਤੇ ਗਏ। ਭੰਡ ਕਹਿਣ ਲੱਗੇ ਕਿ ਜੇ ਅਸਲ ਵਰਗੀ ਨਕਲ ਦੇਖਣੀ ਚਾਹੁੰਦੇ ਹੋ ਤਾਂ ਨਕਲਾਂ ਕਰਦਿਆਂ ਉਨ੍ਹਾਂ ਦੇ ਕਸੂਰ ਮੁਆਫ਼ ਕੀਤੇ ਜਾਣ! ਮੰਗ ਪ੍ਰਵਾਨ ਹੋ ਗਈ। ਭੰਡਾਂ ਨੇ ਦੋ ਦਿਨ ਤਿਆਰੀ ਕਰਨ ਲਈ ਮੰਗੇ।
ਤੈਅਸ਼ੁਦਾ ਪ੍ਰੋਗਰਾਮ ਮੁਤਾਬਕ ਭੰਡ ਮੈਦਾਨ ਵਿਚ ਪਹੁੰਚ ਗਏ। ਉਨ੍ਹਾਂ ਦੋ ਜਥੇ ਬਣਾ ਲਏ। ਇਕ ਪਾਸੇ ਮੁਗ਼ਲ ਸੈਨਾ ਜਿਸ ਵਿਚ ਖਜ਼ੂਰਾਂ ਜਿੱਡੇ ਲੰਮੇ ਅਤੇ ਮੋਟੇ ਪਲੇ ਹੋਏ ਭੰਡ ਪਰ ਦੂਜੇ ਪਾਸੇ ਭੁੱਖਣ-ਭਾਣੇ ‘ਸਿੰਘ’ ਜਿਨ੍ਹਾਂ ਕੋਲ ਜੰਗਾਲ ਖਾਧੀਆਂ ਕਿਰਪਾਨਾਂ ਤੇ ਬਰਛੇ। ਮੁਗ਼ਲ ਸੈਨਾ ਕੋਲ ਵਧੀਆ ਹਥਿਆਰ। ਲੜਾਈ ਦਾ ਸੀਨ ਸ਼ੁਰੂ ਹੁੰਦਿਆਂ ਹੀ ਦੁਬਲੇ-ਪਤਲੇ, ਫਟੇ ਹੋਏ ਕਛਹਿਰਿਆਂ ਵਾਲੇ ‘ਸਿੰਘ ਜਥੇ’ ਨੇ ਮੁਗ਼ਲ ਸੈਨਾ ਦੀ ਭੂਤਨੀ ਭੁਲਾ ਦਿੱਤੀ। ਤਵਾਰੀਖ਼ ਗੁਰੂ ਖ਼ਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ‘ਸਿੰਘ’ ਬਣੇ ਹੋਏ ਭੰਡਾਂ ਨੇ ਤੇਗ਼ ਦੇ ਐਸੇ ਜੌਹਰ ਦਿਖਾਏ ਕਿ ਮੁਗ਼ਲ ਬਣੇ ਹੋਏ ਕਈ ਭੰਡਾਂ ਦੇ ਸਿਰ ਲਾਹ ਸੁੱਟੇ। ਮੁਹੰਮਦ ਸ਼ਾਹ ਬਾਦਸ਼ਾਹ ਨੇ ਮੂੰਹ ‘ਚ ਉਂਗਲਾਂ ਪਾਉਂਦਿਆਂ ਭੰਡਾਂ ਦੇ ‘ਸਿੱਖ ਜਥੇ’ ਨੂੰ ਪੁੱਛਿਆ ਕਿ “ਜਦ ਤੁਹਾਨੂੰ ਪਤਾ ਸੀ ਕਿ ਅਸੀਂ ਫ਼ਰਜ਼ੀ ਲੜਾਈ ਲੜ ਰਹੇ ਹਾਂ ਤਾਂ ਫਿਰ ਤੁਸੀਂ ਦੂਜੇ ਪਾਸੇ ਦੇ ਕਈ ਬੰਦੇ ਸੱਚਮੁਚ ਹੀ ਕਤਲ ਕਿਉਂ ਕਰ ਦਿੱਤੇ?”
ਗਾਤਰੇ ਕਿਰਪਾਨਾਂ ਅਤੇ ਸਿਰਾਂ ‘ਤੇ ਨੀਲੇ-ਪੀਲੇ ਦੁਮਾਲੇ ਬੰਨ੍ਹੀ ਖੜ੍ਹੇ ਭੰਡ ਕਹਿੰਦੇ, “ਜਹਾਂ ਪਨਾਹ! ਅੱਲ੍ਹਾ ਦੀ ਸੌਂਹ!! ਜਦ ਅਸੀਂ ਇਹ ਪਹਿਰਾਵਾ ਪਹਿਨ ਕੇ ਮੈਦਾਨ ਵਿਚ ਨਿਕਲੇ, ਸਾਨੂੰ ਸੱਚਮੁਚ ਸਿੰਘਾਂ ਜਿੰਨਾ ਜੋਸ਼ ਚੜ੍ਹ ਗਿਆ!! ਸਾਨੂੰ ਭੁੱਲ ਹੀ ਗਿਆ ਕਿ ਅਸੀਂ ਨਕਲਾਂ ਕਰ ਰਹੇ ਹਾਂ!”
ਜਿਸ ਧਰਮ ਦੇ ਪੈਰੋਕਾਰਾਂ ਦਾ ਸਿਰਫ਼ ਬਾਹਰੀ ਪਹਿਰਾਵਾ ਪਹਿਨ ਕੇ ਦਰ ਦਰ ਘੁੰਮਣ ਵਾਲੇ ਭੰਡ ਵੀ ਮਰਨ-ਮਾਰਨ ‘ਤੇ ਉਤਾਰੂ ਹੋ ਗਏ ਹੋਣ ਉਨ੍ਹਾਂ ਨੂੰ ਵਰਖਾ ਛੱਡ ਕੇ ਗੜੇਮਾਰੀ ਵੀ ਠੰਢੇ ਨਹੀਂ ਕਰ ਸਕਦੀ! ਹਾਂ, ਜੇ ਸਮਰਥ ਗੁਰੂ ‘ਨੱਥ ਇਨ ਨਿਕਟਿ ਬਹਾਏ ਹੈਂ’ ਵਾਲੀ ਕ੍ਰਿਪਾ ਕਰ ਦੇਵੇ, ਫੇਰ ਭਾਵੇਂ ਉਹ ‘ਸ਼ਾਂਤੀ ਵਿਚਾਰੀ’ ਦੀ ਗੱਲ ਸੁਣ ਲੈਣ!! ਜਿਵੇਂ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੇ ਆਪਣੇ ਡੇਰੇ ਵਿਚ ਜੰਗੀ ਸਾਜ਼ੋ-ਸਾਮਾਨ ਅਤੇ ਜਾਂਬਾਜ਼ ਸੂਰਮੇ ਮੌਜੂਦ ਹੋਣ ਦੇ ਬਾਵਜੂਦ ਸਿੱਖ ਫ਼ੌਜਾਂ ਉਤੇ ਮੋੜਵਾਂ ਹਮਲਾ ਨਹੀਂ ਸੀ ਕੀਤਾ। ਧਿਆਨ ਸਿੰਹੁ ਡੋਗਰੇ ਦੇ ਪੁੱਤ ਹੀਰਾ ਸਿੰਹੁ ਦੇ ਭੜਕਾਏ ਹੋਏ ਸਿੱਖ ਫ਼ੌਜੀ ਬਾਬਾ ਬੀਰ ਸਿੰਘ ਜਿਹੇ ਦਾਨੇ ਤੇ ਦੂਰ-ਅੰਦੇਸ਼ ਸਿੰਘ ਦੀ ਜਾਨ ਲੈ ਕੇ ਇੰਜ ਚਾਂਭੜਾ ਪਾਉਂਦੇ ਰਹੇ:
ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ।
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ।
ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. ਨੇ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਗਰਦਾਨਣ ਵਾਲੇ ਸਰਕੂਲਰ ਨੂੰ ‘ਕੌਮੀ ਹੱਤਕ’ ਮੰਨਿਆ ਸੀ। ਆਪਣੇ ਭਾਈਆਂ ਲਈ ਇਹ ਸ਼ਬਦ ਸੁਣ ਕੇ ਸਿਰਦਾਰ ਜੀ ਹੁਰਾਂ ਬੁਰਾ ਮਨਾਇਆ ਸੀ। ‘ਜ਼ਰਾਇਮਪੇਸ਼ਾ’ ਦੇ ਅਰਥ ਭਾਵੇਂ ਲੜਾਕੂ ਹੋਣ ਨਾਲੋਂ ਕਿਤੇ ਵੱਧ ਘਿਰਣਾਯੋਗ ਹਨ ਪਰ ਅਸੀਂ ਸਵੈ-ਪੜਚੋਲ ਕਰ ਕੇ ਦੇਖੀਏ ਤਾਂ ਸਹੀ ਕਿ ਸਾਡਾ ਅਕਸ ਕਿਹੋ ਜਿਹਾ ਬਣਦਾ ਜਾ ਰਿਹਾ ਹੈ? ਕੀ ਕਾਰਨ ਹੈ ਕਿ ਸਿੱਖਾਂ ਦੇ ਗੁਰਦੁਆਰੇ, ਡੇਰੇ, ਸਭਾ-ਸੁਸਾਇਟੀਆਂ, ਦਲਾਂ, ਫੈਡਰੇਸ਼ਨਾਂ, ਕਮੇਟੀਆਂ ਜਾਂ ਪਾਰਟੀਆਂ ਵਿਚ ਖੜਕਾ-ਦੜਕਾ ਵਧਦਾ ਹੀ ਜਾ ਰਿਹਾ ਹੈ? ਮੰਨਿਆ ਕਿ ਨਿਜੀ ਗਰਜ਼ਾਂ, ਅਹੁਦਿਆਂ ਦੇ ਲਾਲਚ ਜਾਂ ਕਿਸੇ ‘ਹੋਰ’ ਕਾਰਨ ਸਾਡੇ ਹੀ ਭਰਾ ਸਿੱਖ ਵਿਰੋਧੀਆਂ ਦੇ ਕੁਹਾੜੇ ਦਾ ਦਸਤਾ ਬਣਨ ਤੋਂ ਗੁਰੇਜ਼ ਨਹੀਂ ਕਰਦੇ ਅਤੇ ਅਜਿਹੇ ਕੌਮਘਾਤੀਆਂ ਦੀਆਂ ਕਰਤੂਤਾਂ ਦੇਖ ਕੇ ਮਨਾਂ ਵਿਚ ਉਬਾਲੇ ਉਠਣੇ ਸੁਭਾਵਿਕ ਹਨ ਪਰ ਇਨ੍ਹਾਂ ਦਾ ‘ਇਲਾਜ’ ਕੁਝ ਐਸੇ ਤਰੀਕੇ ਨਾਲ ਹੋਵੇ ਜਿਵੇਂ ਕਹਾਵਤ ਹੈ ਕਿ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ!
ਆਪਣੇ ਪੁਸ਼ਤੈਨੀ ਗੁਣ ਜੰਗਜੂ-ਸੁਭਾਅ ਦਾ ਪ੍ਰਗਟਾਵਾ ਕਰਦਿਆਂ ਅਠਾਰ੍ਹਵੀਂ ਸਦੀ ਵਿਚ ਸਾਡੇ ਵਡਿੱਕਿਆਂ ਨੇ ਕਿਹਾ ਸੀ:
ਜਾਤਿ ਗੋਤ ਸਿੰਘਨ ਕੀ ਦੰਗਾ, ਰਹਤ ਰਨ ਦਿਨ ਸੋਹੈ।
ਦੰਗਾ ਸਿੰਘਨ ਗੁਰੂ ਤੇ ਮੰਗੈ, ਦੰਗੈ ਖ਼ੁਸ਼ ਹੋਹੈ। (ਪੰਥ ਪ੍ਰਕਾਸ਼)
ਦੰਗਾ ਸਿੰਘਨ ਗੁਰੂ ਤੇ ਮੰਗੈ, ਦੰਗੈ ਖ਼ੁਸ਼ ਹੋਹੈ। (ਪੰਥ ਪ੍ਰਕਾਸ਼)
ਬਾਰਾਂ ਮਿਸਲਾਂ ਦੇ ਦੌਰ ਸਮੇਂ ਮਿਸਲਦਾਰ ਸਰਦਾਰ ਇਕ ਦੂਸਰੇ ਨਾਲ ਭਾਵੇਂ ਲੜਦੇ-ਭਿੜਦੇ ਰਹਿੰਦੇ ਸਨ ਪਰ ਸ੍ਰੀ ਅੰਮ੍ਰਿਤਸਰ ਵਿਖੇ ਹੋਣ ਵਾਲੇ ਸਰਬੱਤ ਖ਼ਾਲਸੇ ਦੇ ਇਕੱਠਾਂ ਵਿਚ ਭਰਾਵਾਂ ਵਾਂਗ ਵਿਚਰਦੇ। ਆਪਣੇ ਹਥਿਆਰ ਵੀ ਬਾਹਰ ਰੱਖ ਆਉਂਦੇ ਸਨ। ਖਹਿਬਾਜ਼ੀਆਂ ਵਧਣ ‘ਤੇ ਜਦ ਉਹ ‘ਆਪਨ ਸੰਗਾ’ ਹੀ ‘ਦੰਗਾ’ ਕਰਨ ਲੱਗ ਪਏ ਤਾਂ ਪੰਥ ਦੇ ਹਿਤੈਸ਼ੀਆਂ ਆਵਾਜ਼ ਬੁਲੰਦ ਕੀਤੀ:
ਮਿਸਲ ਵਾਰ ਅਬ ਲੜਨੋ ਨਾਹਿ।
ਰਲ ਮਿਲ ਖੜ ਅਬ ਪੰਥ ਬਚਾਹਿ।
ਰਲ ਮਿਲ ਖੜ ਅਬ ਪੰਥ ਬਚਾਹਿ।
ਹੁਣ ਇਹ ਕੌਮ ਨੇ ਸੋਚਣਾ ਹੈ ਕਿ ਦੰਗਿਆਂ-ਪੰਗਿਆਂ ਦੇ ਰਾਹ ਪੈਣਾ ਹੈ ਕਿ ਰਲ-ਮਿਲ ਕੇ ਪੰਥ ਬਚਾਉਣ ਦੀਆਂ ਤਰਕੀਬਾਂ ਘੜਨੀਆਂ ਹਨ!
ਤਰਲੋਚਨ ਸਿੰਘ ਦੁਪਾਲਪੁਰ