Wednesday, November 17, 2010

ਪ੍ਰਚਾਰ, ਵਪਾਰ ਤੇ ਤ੍ਰਿਸਕਾਰ

ਹੁਣੇ ਹੁਣੇ ਸਿਆਟਲ ਵਿਚ ਕੁਝ ਸਿੱਖ ਜਥੇਬੰਦੀਆਂ ਵੱਲੋਂ ਕਰਵਾਈ ਗਈ ਕੌਮਾਂਤਰੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉਥੇ ਪੰਥ ਦੀ ਇਕ ਵਿਸ਼ੇਸ਼ ਰਾਜਸੀ ਵਿਚਾਰਧਾਰਾ ਦੇ ਝੰਡਾ-ਬਰਦਾਰ ਇਕ ਨਾਮੀ-ਗਰਾਮੀ ਬੁਲਾਰੇ ਨੇ ਕੌਮੀ ਗਫ਼ਲਤ ਦੇ ਦੁਖੜੇ ਫੋਲਦਿਆਂ ਸ਼ਿਕਵਾ ਕੀਤਾ ਕਿ ਉਸ ਨੇ ਕੌਮੀ ਏਜੰਡੇ ਦੇ ਪ੍ਰਚਾਰ ਲਈ ਆਪਣੇ ਨਿਜੀ ਯਤਨਾਂ ਨਾਲ ਮੁੱਖ ਦਫ਼ਤਰ ਇਹ ਸੋਚ ਕੇ ਖੋਲ੍ਹਿਆ ਸੀ ਕਿ ਸਿੱਖ ਸੰਗਤਾਂ ਮੇਰੇ ਨਾਲ ਹੱਥ ਵਟਾਉਣਗੀਆਂ, ਪਰ ਅਫ਼ਸੋਸ! ਕਿਸੇ ਨੇ ਦਫ਼ਤਰੀ ਖ਼ਰਚਿਆਂ ਲਈ ਹਾਮੀ ਨਾ ਭਰੀ। ਭਰੇ ਮਨ ਨਾਲ ਉਸਨੂੰ ਦਫ਼ਤਰ ਬੰਦ ਕਰਨਾ ਪਿਆ। ਹੁਣ ਉਹ ਆਪਣੇ ਕਿਰਾਏ ਦੇ ਅਪਾਰਟਮੈਂਟ ਵਿਚ ਹੀ ਯਥਾ-ਸ਼ਕਤੀ ਬੁੱਤਾ ਧੱਕ ਰਿਹਾ ਹੈ। ਉਸ ਨੇ ਖ਼ਾਸ ਤੌਰ ‘ਤੇ ਅਮਰੀਕੀ ਸਿੱਖਾਂ ਉਤੇ ਗਿਲਾ ਕੀਤਾ ਕਿ ਜਿਥੇ ਨੱਬੇ ਦੇ ਕਰੀਬ ਗੁਰਦੁਆਰੇ ਹੋਣ, ਪਰ ਕੌਮੀ ਕਾਜ਼ ਲਈ ਅਸੀਂ ਆਪਣਾ ਦਫ਼ਤਰ ਵੀ ਨਾ ਬਣਾ ਸਕੀਏ! ਓ ਯਾਰੋ, ਹੈ ਸਾਨੂੰ…!! ਰੋਸ ਭਰੇ ਅਜਿਹੇ ਅਲਫ਼ਾਜ਼ ਬੋਲਦਿਆਂ ਉਸ ਦੀਆਂ ਅੱਖਾਂ ਨਮ ਹੋ ਗਈਆਂ ਪਰ ਅੱਗੇ ਬੈਠੇ ਸਰੋਤੇ ਨਿਸ਼ਚਿੰਤ ਹੋ ਕੇ ਸੁਣਦੇ ਰਹੇ।

ਗੁਰਦੁਆਰਾ ਸਾਹਿਬ ਵਿਖੇ ਹੋ ਰਹੀ ਇਸ ਕਨਵੈਨਸ਼ਨ ਵਿਚ ਜਿਸ ਡਾਇਸ ‘ਤੇ ਖਲੋ ਕੇ ਬੁਲਾਰੇ ਲੈਕਚਰ ਕਰ ਰਹੇ ਸਨ, ਉਸ ਦੇ ਨਾਲ ਲਗਦੀ ਸਟੇਜ ਉਪਰ ਰਾਗੀ ਸਿੰਘਾਂ ਦੇ ਹਾਰਮੋਨੀਅਮ ਅਤੇ ਤਬਲਾ ਨੀਲੇ ਕੱਪੜੇ ਵਿਚ ਬੱਝੇ ਪਏ ਸਨ। ਸਵੇਰ ਵੇਲੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ ਰਾਗੀ ਸਿੰਘ ਤਾਂ ਉਠ ਕੇ ਚਲੇ ਗਏ ਪਰ ਇਹ ਸਾਜ਼ ਇਸੇ ਤਰ੍ਹਾਂ ਸਟੇਜ ਉਪਰ ਪਏ ਰਹੇ। ਹੋ ਰਹੀ ਕਨਵੈਨਸ਼ਨ ਕਰਕੇ ਸੰਗਤਾਂ ਦੀ ਭਰਪੂਰ ਆਵਾਜਾਈ ਸੀ। ਪਰਪੰਰਾ ਅਨੁਸਾਰ ਸ਼ਰਧਾਲੂ ਮਾਈ ਭਾਈ ਗੋਲਕ ਵਿਚ ਮਾਇਆ ਭੇਟ ਕਰ ਰਹੇ ਸਨ ਪਰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਕੁਝ ਵਿਰਲੇ ਸ਼ਰਧਾਲੂਆਂ ਨੂੰ ਛੱਡ ਕੇ ਬਹੁਤੇ ਵੀਰ-ਭੈਣਾਂ ਗੋਲਕ ਵਿਚ ਡਾਲਰ ਪਾਉਣ ਦੇ ਨਾਲ ਨਾਲ ਸਟੇਜ ‘ਤੇ ਬੰਨ੍ਹੇ ਪਏ ਵਾਜਿਆਂ ਦੇ ਕੋਲ ਵੀ ਮਾਇਆ ਰੱਖੀ ਜਾ ਰਹੇ ਸਨ। ਕਈ ਬੀਬੀਆਂ ਤੇ ਸਿੰਘ ਸਾਜ਼ਾਂ ਅੱਗੇ ਪੂਰੀ ਤਰ੍ਹਾਂ ਝੁਕ ਕੇ ਮਸਤਕ ਨਿਵਾਉਂਦੇ ਵੀ ਦੇਖੇ ਗਏ!!

ਸ਼ਾਮ ਦੇ ਪੰਜ ਵਜੇ ਤਕ ਬੁਲਾਰੇ ਵੀ ਬੋਲਦੇ ਗਏ, ਸੰਗਤਾਂ ਦੀ ਆਵਾਜਾਈ ਵੀ ਚੱਲਦੀ ਰਹੀ। ਵਾਜਿਆਂ ਦੇ ਕੋਲ ‘ਸੁਖ ਨਾਲ‘ ਡਾਲਰਾਂ ਦੀ ਢੇਰੀ ਵੀ ਵਧੀ ਗਈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਮੌਜੂਦ ਇਤਿਹਾਸਕ ਬੇਰੀਆਂ ਦੇ ਮੁੱਢ, ਲਾਲ ਅੱਖਰਾਂ ਵਿਚ ਲਿਖੇ ਬੋਰਡ ਰੱਖੇ ਹੋਏ ਹਨ ਜਿਨ੍ਹਾਂ ‘ਤੇ ਹਦਾਇਤ ਹੈ ਕਿ ਇਥੇ ਮਾਇਆ ਭੇਟ ਕਰਨੀ ਸਖ਼ਤ ਮਨ੍ਹਾ ਹੈ ਪਰ ਧੰਨ ਹਨ ਸ਼ਰਧਾਲੂ ਜਿਹੜੇ ਖ਼ਾਲੀ ਪਈ ਸਟੇਜ ‘ਤੇ ਵੀ ਡਾਲਰ ਚੜ੍ਹਾਈ ਜਾਂਦੇ ਨੇ!!

ਪੰਜਾਬ ਵਿਚ ਅਲੋਪ ਹੁੰਦੇ ਜਾ ਰਹੇ ਸਿੱਖੀ ਸਰੂਪ ਦੀ ਚਿੰਤਾ ਕਰਦਿਆਂ ਅਮਰੀਕੀ ਸਿੱਖਾਂ ਦੀ ਇਕ ਸੰਸਥਾ ਨੇ ਉਥੇ ਵੱਡੇ ਪੱਧਰ ‘ਤੇ ਪ੍ਰਚਾਰ ਲਹਿਰ ਚਲਾਉਣ ਦਾ ਤਹੱਈਆ ਕੀਤਾ ਹੈ। ਇਕ ਅਮਰੀਕੀ ਪੰਜਾਬੀ ਅਖ਼ਬਾਰ ਵਿਚ ਛਪੇ ਇਸ਼ਤਿਹਾਰ ਵਿਚ ਇਸ ਸੰਸਥਾ ਦੇ ਪ੍ਰਬੰਧਕਾਂ ਨੇ ਆਪਣੀ ਪ੍ਰਚਾਰ ਮੁਹਿੰਮ ਦੇ ਵੇਰਵੇ ਦਿੰਦਿਆਂ ਕਿਹਾ ਹੈ ਕਿ ਉਹ ਕਾਫ਼ਲਾ ਬਣਾ ਕੇ ਪੰਜਾਬ ਦਾ ‘ਕੱਲਾ ‘ਕੱਲਾ ਪਿੰਡ ਕਵਰ ਕਰਨਗੇ। ਇਸ ਪ੍ਰਸਤਾਵਿਤ ਪ੍ਰਚਾਰ ਵਹੀਰ ਲਈ ਗੱਡੀਆਂ, ਮੋਟਰਾਂ, ਸਪੀਕਰਾਂ ਅਤੇ ਹੋਰ ਲੋੜੀਂਦੇ ਸਾਮਾਨ ਦੇ ਖ਼ਰਚਿਆਂ ਦਾ ਅਨੁਮਾਨਤ ਵੇਰਵਾ ਦਿੰਦੇ ਹੋਏ ਸਮੂਹ ਸੰਗਤਾਂ ਪਾਸੋਂ ਮਾਇਕ ਸਹਿਯੋਗ ਦੀ ਮੰਗ ਕੀਤੀ ਗਈ ਸੀ। ਲੇਕਿਨ ਇਸ ਇਸ਼ਤਿਹਾਰ ਦੇ ਅਖ਼ੀਰ ਵਿਚ ਸ਼ਾਇਦ ਕਿਸੇ ‘ਯਕੀਨ ਵਰਗੇ‘ ਸ਼ੱਕ-ਸ਼ੁਬ੍ਹੇ ਕਾਰਨ ਪ੍ਰਬੰਧਕਾਂ ਨੇ ਇਹ ਲਿਖਿਆ ਹੈ ਕਿ ਸੰਗਤ ਜੀ, ਜੇ ਤੁਸੀਂ ਸਾਡੀ ਮਾਇਕ ਸਹਾਇਤਾ ਨਾ ਵੀ ਕੀਤੀ, ਤਾਂ ਵੀ ਅਸੀਂ ਮਿਥੇ ਹੋਏ ਪ੍ਰੋਗਰਾਮ ਮੁਤਾਬਕ ਪ੍ਰਚਾਰ ਮੁਹਿੰਮ ਜ਼ਰੂਰ ਵਿੱਢ ਦੇਣੀ ਹੈ।

ਮੇਰਾ ਖ਼ਿਆਲ ਹੈ ਕਿ ਨਾ ਤਾਂ ਸਿਆਟਲ ਵਾਲੀ ਕਨਵੈਨਸ਼ਨ ਵਿਚ ਅਮਰੀਕੀ ਸਿੱਖਾਂ ‘ਤੇ ਸ਼ਿਕਵੇ ਕਰਨ ਵਾਲੇ ਬੁਲਾਰੇ ਕੋਲ ਹੀ ਕੋਈ ਸੰਤ ਹੋਣਾ ਹੈ, ਤੇ ਨਾ ਹੀ ਉਕਤ ਇਸ਼ਤਿਹਾਰ ਛਪਵਾਉਣ ਵਾਲੀ ਸੰਸਥਾ ਵਿਚ ਕੋਈ ‘ਮਹਾਂ ਪੁਰਖ਼‘ ਹੋਣਾ ਹੈ! ਇਨ੍ਹਾਂ ਕੋਲ ਸਿਰਫ਼ ‘ਪੁਰਖ਼‘ ਹੀ ਹੋਣਗੇ। ਇਸ ਲਈ ਇੱਟ ਵਰਗੀ ਪੱਕੀ ਗੱਲ ਹੈ ਕਿ ਮਾਇਕ ਪੱਖੋਂ ਹੱਥ ਤੰਗ ਹੀ ਰਹੇਗਾ ਇਨ੍ਹਾਂ ਦਾ!

ਬੀਤੇ ਦਿਨੀਂ ਅਮਰੀਕਾ ਭਰ ਵਿਚ ਧੂੰਆਂਧਾਰ ‘ਧਰਮ ਪ੍ਰਚਾਰ‘ ਕਰ ਕੇ ਗਏ, ਹਲਕੀ ਜਿਹੀ ਉਮਰ ਦੇ ਇਕ ਬਾਬਾ ਜੀ ਵੱਲੋਂ ਕਿਸੇ ਗੁਰਦੁਆਰਾ ਸਾਹਿਬ ਵਿਚ ਕੀਤੇ ਗਏ ‘ਗੁਰਮਤਿ ਪ੍ਰਚਾਰ‘ ਦੇ ਵੀਡੀਓ ਕਲਿੱਪ ਦੇਖਣ-ਸੁਣਨ ਨੂੰ ਮਿਲੇ। ਉਂਜ ਤਾਂ ਇਹ ਮਹਾਂ ਪੁਰਖ਼ ਜੀ ਦੁੱਧ-ਚਿੱਟੇ ਵਸਤਰਾਂ ਵਿਚ ਸਜੇ ਹੁੰਦੇ ਹਨ ਪਰ ਉਕਤ ਵੀਡੀਓ ਵਿਚ ਉਨ੍ਹਾਂ ਦੇ ਤਨ ‘ਤੇ ਵੈਰਾਗੀਆਂ ਵਰਗਾ ਗੂੜ੍ਹਾ ਭਗਵਾਂ ਚੋਲਾ ਲਿਸ਼ਕਾਂ ਮਾਰ ਰਿਹਾ ਹੈ। ਕੁਝ ਕੁਝ ਇਸੇ ਰੰਗ ਦੀ ਉਚੀ ਜਿਹੀ ਗੋਲ ਦਸਤਾਰ ਵੀ ਸ਼ੋਭਾ ਵਧਾ ਰਹੀ ਹੈ। ਗੁਰਮਤਿ ਪ੍ਰਚਾਰ ਕਰਦਿਆਂ ਉਹ ਕੁਝ ਅਜਿਹੇ ‘ਮਨੋਹਰ ਬਚਨ‘ ਉਚਾਰ ਰਹੇ ਹਨ-

“ਚਿੰਤ ਅਚਿੰਤਾ ਸਗਲੀ ਗਈ।। ਪ੍ਰਭ ਨਾਨਕ ਨਾਨਕ ਨਾਨਕ ਮਈ।।…ਭਾਈ ਸਿੱਖੋ, ਗੁਰੂ ਨਾਨਕ ਨੇ ਆਪਣੇ ਸਿੱਖਾਂ ਨੂੰ ਚਿੰਤਾ ਮੁਕਤ ਕੀਤਾ ਹੋਇਐ… ਆਪਣੇ ਚਿੰਤਾ-ਫ਼ਿਕਰ ਗੁਰੂ ਅੱਗੇ ਰੱਖ ਦਿਉ ਤੇ ਗੁਰੂ-ਦਰੋਂ ਅਨੰਦ ਹੀ ਅਨੰਦ ਲੈ ਲਉ ਭਾਈ! …ਉਂਜ ਆਹ ਚਿੰਤਾ ਰੋਗ ਹੈ ਬੜਾ ਨਾ-ਮੁਰਾਦ… ਆਹ ਸਾਡੇ ਡੇਰੇ ਦੇ ਕੁਝ ਸਿੰਘ ਚਿੰਤਾਗ੍ਰਸਤ ਹੋ ਕੇ ਇਕ ਦਿਨ ਮੈਨੂੰ ਆਖਣ ਲੱਗੇ- ‘ਸੰਤ ਜੀ, ਆਪਣੇ ਡੇਰੇ ਦੇ ਨਾਲ ਲੱਗਦਾ ਇਕ ਪਲਾਟ ਵਿਕ ਰਿਹਾ ਹੈ ਪਰ ਮਾਲਕ ਉਸ ਦੀ ਕੀਮਤ ਹੀ ਬਹੁਤ ਜ਼ਿਆਦਾ ਦੱਸ ਰਿਹਾ ਹੈ! …ਪੂਰੇ ਅੱਸੀ ਲੱਖ ਮੰਗਦਾ ਹੈ। ਇਹ ਪਲਾਟ ਹੱਥੋਂ ਨ੍ਹੀਂ ਜਾਣ ਦੇਣਾ ਚਾਹੀਦਾ। ਲੇਕਿਨ ਇੰਨੀ ਵੱਡੀ ਰਕਮ ਦਾ ਇੰਤਜ਼ਾਮ ਕਿਵੇਂ ਹੋਊ ਜੀ!‘…ਹੂੰ, ਮੈਂ ਆਖਿਆ- ਭੋਲਿਉ, ਘਬਰਾਉਂਦੇ ਕਿਉਂ ਜੇ? …ਐਹ ਅਮਰੀਕਾ ਦਾ ਇਕ ਗੇੜਾ ਲਾ ਲੈਣ ਦਿਉ, ਇਹੋ ਜਿਹੇ ਪਲਾਟ ਜਿੰਨੇ ਮਰਜ਼ੀ ਲੈ ਲਇਉ… ਬੋਲੋ ਵਾਹਿਗੁਰੂ!!”

ਡੇਰੇ ਦੀ ਸਮੱਸਿਆ ਦੇ ਹੱਲ ਦਾ ਅਮਰੀਕੀ ਗੇੜੇ ਵਾਲਾ ‘ਫ਼ਾਰਮੂਲਾ‘ ਸੰਤਾਂ ਮੂੰਹੋਂ ਸੁਣ ਕੇ, ਅੱਗੇ ਬੈਠੇ ਸ਼ਰਧਾਲੂ-ਜਨ ਬਾਹਾਂ ਉਲਾਰ ਕੇ ਜੈਕਾਰੇ ਛੱਡਣ ਲੱਗਦੇ ਹਨ ਅਤੇ ਜੋਸ਼ ਵਿਚ ਆ ਕੇ ਆਪਣੀਆਂ ਜੇਬਾਂ ਵਿਚੋਂ ਬਟੂਏ ਖੋਲ੍ਹ ਰਹੇ ਹਨ!

ਅਗਲੀ ਵਾਰਤਾ ਅਸਲ ਵਿਚ ਇਕ ਟੈਕਸੀ ਡਰਾਈਵਰ ਭਰਾ ਦੀ ਆਪਣੀ ਹੱਡ-ਬੀਤੀ ਹੈ ਜੋ ਅਮਰੀਕਾ ਵਿਚ ਹੀ ਇਹ ਕਿਰਤ ਕਰਦਿਆਂ ਜੀਵਨ-ਨਿਰਬਾਹ ਚਲਾ ਰਿਹਾ ਹੈ। ਆਮ ਦੀ ਤਰ੍ਹਾਂ ਇਸ ਨੂੰ ਇਕ ਦਿਨ ਇੰਟਰ-ਸਟੇਟ ਬੱਸ ਅੱਡੇ ਤੋਂ ਇਕ ਸਵਾਰੀ ਦੀ ਕਾਲ ਆਈ। ਫ਼ੁਰਤੀ ਨਾਲ ਬੱਸ ਅੱਡੇ ਪਹੁੰਚ ਕੇ ਇਸ ਨੇ ਦੇਖਿਆ ਕਿ ਸਵਾਰੀ ਇਕ ਕਲੀਨ-ਸ਼ੇਵ ਗੋਰਾ ਜਿਹਾ ਨੌਜਵਾਨ ਹੈ ਜੋ ਇਕ ਅਟੈਚੀ ਅਤੇ ਹੈਂਡ ਬੈਗ ਲੈ ਕੇ ਬੈਂਚ ‘ਤੇ ਬੈਠਾ ਹੈ। ਟੈਕਸੀ ਵਾਲੇ ਨੇ ‘ਹਾਏ ਹੈਲੋ‘ ਕਰਦਿਆਂ ਉਸ ਨੂੰ ‘ਗੁੱਡ ਆਫਟਰ ਨੂਨ‘ ਆਖਿਆ ਪਰ ਅਗਿਉਂ ਮੁੰਡਾ ਮੁਸਕਰਾਉਂਦਾ ਹੋਇਆ ਕਹਿੰਦਾ ਕਿ ਸਰਦਾਰ ਜੀ ਤੁਸੀਂ ਮੇਰੇ ਨਾਲ ਪੰਜਾਬੀ ਵਿਚ ਗੱਲ ਕਰ ਸਕਦੇ ਓ!

ਦੇਸੀ ਭਾਈ-ਬੰਦ ਮਿਲਣ ਕਰਕੇ ਟੈਕਸੀ ਚਾਲਕ ਨੂੰ ਖ਼ੁਸ਼ੀ ਤਾਂ ਹੋਈ ਪਰ ਜਦੋਂ ਚੰਗਾ-ਭਲਾ ਦਿਸਦਾ ਉਹ ਨੌਜਵਾਨ ਲੱਤਾਂ ਨੂੰ ਕਈ ਵਿੰਗ-ਵਲ ਪਾ ਕੇ ਡੰਗੋਰੀ ਦੇ ਸਹਾਰੇ ਨਾਲ ਬੈਂਚ ਤੋਂ ਉਠ ਕੇ ਤੁਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਟੈਕਸੀ ਵਾਲਾ ਹੈਰਾਨ ਹੁੰਦਿਆਂ ਉਸ ਦੀ ਮਦਦ ਕਰਨ ਲਈ ਅਹੁਲਿਆ। ਜਿਵੇਂ ਕਿਵੇਂ ਉਸ ਨੇ ਮੁੰਡੇ ਨੂੰ ਗੱਡੀ ‘ਚ ਬਹਾਇਆ। ਗੱਡੀ ਸੜਕ ‘ਤੇ ਦੌੜਨ ਲੱਗੀ ਤੇ ਗੱਲਾਂ-ਬਾਤਾਂ ਚੱਲ ਪਈਆਂ। ਮੁੰਡੇ ਨੇ ਆਪਣੇ ਬਾਰੇ ਸੰਕੋਚਵੀਂ ਜਿਹੀ ਜਾਣਕਾਰੀ ਦਿੱਤੀ-

“ਮੈਂ ਪਾਕਿਸਤਾਨ ਦੇ ਸੂਬਾ ਪੰਜਾਬ ਤੋਂ ਮੁਸਲਿਮ ਪਰਿਵਾਰ ਤੋਂ ਹਾਂ। ਕਾਲਜ ਦੀ ਪੜ੍ਹਾਈ ਮੁਕੰਮਲ ਕਰਦਿਆਂ ਹੀ ਮੈਨੂੰ ਕਮਰ ਦੀ ਪ੍ਰਾਬਲਮ ਹੋ ਗਈ। ਗ਼ਲਤ ਅਪਰੇਸ਼ਨ ਕਾਰਨ ਮੇਰੀ ਸਿਹਤ ਇੰਨੀ ਵਿਗੜ ਗਈ ਕਿ ਇਸ ਦਾ ਇਲਾਜ ਅਮਰੀਕਾ ਵਿਚ ਹੀ ਹੋ ਸਕਦਾ ਸੀ। ਸੋ, ਹੁਣ ਮੈਂ ਇਥੇ ਆਪਣਾ ਇਲਾਜ ਕਰਵਾਉਣ ਆਇਆ ਹੋਇਆ ਹਾਂ।”

ਇੰਸ਼ੋਰੈਂਸ ਤੋਂ ਬਿਨਾਂ ਅਮਰੀਕਾ ਦੇ ਅਤਿ ਖ਼ਰਚੀਲੇ ਡਾਕਟਰੀ ਇਲਾਜ ਬਾਰੇ ਪੁੱਛੇ ਜਾਣ ‘ਤੇ ਉਸ ਨੇ ਠੰਢਾ ਹੌਕਾ ਲੈ ਕੇ ਆਖਿਆ ਕਿ ਉਸ ਦੀ ਘਰੇਲੂ ਹਾਲਤ ਇੰਨੀ ਮਜ਼ਬੂਤ ਨਹੀਂ ਕਿ ਉਹ ਇਥੇ ਆ ਕੇ ਆਪਣਾ ਇਲਾਜ ਕਰਵਾ ਸਕਦਾ। ਇਹ ‘ਤੇ ਬਾਬਾ ਨਾਨਕ ਪੀਰ ਦੀ ਰਹਿਮਤ ਹੋਈ ਏ। ‘ਇਕ ਮੁਸਲਮਾਨ, ਗੁਰੂ ਦੀ ਬਖ਼ਸ਼ਿਸ਼ ਦੀਆਂ ਗੱਲਾਂ ਕਰ ਰਿਹਾ ਐ!‘ ਆਪਣੇ ਵੱਲ ਉਤਸੁਕਤਾ ਨਾਲ ਦੇਖ ਰਹੇ ਟੈਕਸੀ ਚਾਲਕ ਦੀਆਂ ਅੱਖਾਂ ਵਿਚ ਤੈਰ ਰਿਹਾ ਉਕਤ ਸਵਾਲ, ਤੀਖਣ-ਬੁੱਧੀ ਵਾਲੇ ਮੁਸਲਿਮ ਮੁੰਡੇ ਨੇ ਆਪੇ ਹੀ ਭਾਂਪ ਲਿਆ! ਸਪਸ਼ਟੀਕਰਨ ਦੇਣ ਵਾਂਗ ਉਸ ਨੇ ਗੁਰੂ ਨਾਨਕ ਦੀ ਰਹਿਮਤ ਦਾ ਭੇਤ ਖੋਲ੍ਹਣਾ ਸ਼ੁਰੂ ਕੀਤਾ-

“ਬੀਮਾਰੀ ਵਿਗੜ ਜਾਣ ‘ਤੇ ਮੈਂ ਤੁਰਨੋਂ ਵੀ ਅਵਾਜਾਰ ਹੋ ਗਿਆ ਪਰ ਮੈਂ ਵਿਆਕੁਲ ਜਾਂ ਲਾਚਾਰ ਹੋਣ ਦੀ ਥਾਂ ਇਲਾਜ ਕਰਵਾਉਣ ਦੀਆਂ ਤਰਕੀਬਾਂ ਸੋਚਣ ਲੱਗਾ। ਮੈਨੂੰ ਇਸ ਗੱਲ ਦਾ ਇਲਮ ਸੀ ਕਿ ਕੁੱਲ ਦੁਨੀਆਂ ਵਿਚ ਵਸਦੇ ਸਿੱਖ ਭਰਾ, ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨਾਂ ਦੀ ਮੰਗ ਸਵੇਰੇ-ਸ਼ਾਮ ਕਰਦੇ ਹਨ। ਸੋ ਮੈਂ ਸੋਚਿਆ ਕਿ ਕਿਉਂ ਨਾ ਸਿੱਖ ਭਾਈਆਂ ਦੀ ਇਹ ਲੋਚਾ ਪੂਰੀ ਕਰਨ ਦਾ ਯਤਨ ਕੀਤਾ ਜਾਏ। ਕੁਝ ਮਿਹਰਬਾਨ ਦੋਸਤਾਂ ਦੀ ਮਦਦ ਨਾਲ ਮੈਂ ਪਾਕਿਸਤਾਨ ਦੇ ਸਾਰੇ ਗੁਰਧਾਮਾਂ ਅਤੇ ਹੋਰ ਇਤਿਹਾਸਕ ਅਸਥਾਨਾਂ ਦੀ ਖੋਜ-ਭਰਪੂਰ ਡਾਕੂਮੈਂਟਰੀ ਫ਼ਿਲਮ ਦੀ ਸੀ.ਡੀ. ਬਣਾਈ। ਕੁਝ ਅਮਰੀਕੀ ਗੁਰਦੁਆਰਿਆਂ ਵਿਚ ਜਾ ਕੇ ਮੈਂ ਇਹ ਸੀ.ਡੀ. ਲਾਗਤ ਮੁੱਲ ‘ਤੇ ਵੇਚ ਰਿਹਾ ਹਾਂ ਅਤੇ ਆਪਣੇ ਇਲਾਜ ਦਾ ਬੰਦੋਬਸਤ ਕਰ ਰਿਹਾ ਹਾਂ।”

ਇਸ ਮੁਸਲਿਮ ਮੁੰਡੇ ਦੇ ਕਹਿਣ ‘ਤੇ ਟੈਕਸੀ ਵਾਲਾ ਉਸ ਨੂੰ ਆਪਣੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਚ ਛੱਡ ਆਇਆ। ਹਾਲੇ ਦੋ-ਢਾਈ ਘੰਟੇ ਹੀ ਬੀਤੇ ਸਨ ਕਿ ਟੈਕਸੀ ਡਰਾਈਵਰ ਨੂੰ ਉਸ ਮੁੰਡੇ ਦਾ ਫਿਰ ਫੋਨ ਆ ਗਿਆ। ਉਹ ਫਿਰ ਟੈਕਸੀ ਦੀ ਮੰਗ ਕਰ ਰਿਹਾ ਸੀ। ਹੈਰਾਨ ਹੋਇਆ ਟੈਕਸੀ ਵਾਲਾ ਗੁਰਦੁਆਰੇ ਪਹੁੰਚਿਆ ਤਾਂ ਉਥੇ ਉਹ ਮੁੰਡਾ ਆਪਣਾ ਸਾਮਾਨ ਲੈ ਕੇ ਜਾਣ ਦੀ ਤਿਆਰੀ ਕਰੀ ਬੈਠਾ ਸੀ।

‘ਇਹਨੇ ਤਾਂ ਕੱਲ੍ਹ ਦੇ ਹਫ਼ਤਾਵਾਰੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਥੋਂ ਜਾਣਾ ਸੀ ਪਰ ਇਹ ਅੱਜ ਹੀ ਸਾਮਾਨ ਬੰਨ੍ਹ ਕੇ ਬਹਿ ਗਿਆ ਹੈ!‘ ਟੈਕਸੀ ਵਾਲਾ ਮਨ ਵਿਚ ਸੋਚ ਰਿਹਾ ਸੀ।

ਤੁਰਨ ਤੋਂ ਆਤੁਰ ਇਸ ਨੌਜਵਾਨ ਨਾਲ ਪਤਾ ਜੇ ਇਥੇ ਕੀ ਸਲੂਕ ਹੋਇਆ?

ਗੁਰਦੁਆਰਾ ਸਾਹਿਬ ਪਹੁੰਚ ਕੇ ਇਸ ਨੇ ਲੰਗਰ ਛਕਣ ਤੋਂ ਬਾਅਦ ਰਾਤ ਦੇ ਟਿਕਾਣੇ ਲਈ ਗੁਰੂਘਰ ਵਾਲਿਆਂ ਪਾਸੋਂ ਵਿਸਰਾਮ ਲਈ ਜਗ੍ਹਾ ਪੁੱਛੀ। ਉਨ੍ਹਾਂ ਆਖਿਆ ਕਿ ਰਿਹਾਇਸ਼ੀ ਕਮਰੇ ਸਿਰਫ਼ ਸਟਾਫ ਲਈ ਹੀ ਹਨ। ਮੁੱਖ ਦੀਵਾਨ ਹਾਲ ਵਿਚ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਤੂੰ ਉਥੇ ਰਾਤ ਬਿਤਾ ਲਵੀਂ। ਉਨ੍ਹਾਂ ਦੀ ਇਜਾਜ਼ਤ ਨਾਲ ਇਹ ਸਿਰ ‘ਤੇ ਪੀਲਾ ਸਾਫ਼ਾ ਲਪੇਟ ਕੇ ਦੀਵਾਨ ਹਾਲ ਦੇ ਇਕ ਖੂੰਜੇ ਵਿਚ ਲੰਮਾ ਪੈ ਗਿਆ। ਔਖਾ-ਸੌਖਾ ਹੋ ਕੇ ਹਾਲੇ ਇਹ ਪਿਆ ਹੀ ਸੀ ਕਿ ਉਥੇ ਪ੍ਰਬੰਧਕ ਕਮੇਟੀ ਦੇ ਇਕ ‘ਅਹੁਦੇਦਾਰ ਸਾਹਿਬ‘ ਆ ਪਹੁੰਚੇ। ਉਨ੍ਹਾਂ ਆਉਂਦਿਆਂ ਹੀ ਇਸ ਯਾਤਰੂ ਦਾ ਨਾਂ ਪੁੱਛਿਆ। ਮੁੰਡੇ ਦੇ ਮੂੰਹੋਂ ਸੁਣਦਿਆਂ ਹੀ ਉਨ੍ਹਾਂ ਇਸ ਨੂੰ ਆਪਣਾ ਫੱਟੀ-ਬਸਤਾ ਲਪੇਟ ਕੇ ਇਥੋਂ ਚਲੇ ਜਾਣ ਦਾ ਹੁਕਮ ਸੁਣਾ ਦਿੱਤਾ।

ਲਾਗੇ ਦੇ ਹੀ ਇਕ ਹੋਰ ਗੁਰਦੁਆਰਾ ਸਾਹਿਬ ਵੱਲ ਨੂੰ ਜਾਂਦਿਆਂ ਟੈਕਸੀ ਡਰਾਈਵਰ ਨੇ ਦੇਖਿਆ ਕਿ ‘ਪੰਥ ਤੋਂ ਵਿਛੋੜੇ ਗਏ ਗੁਰਧਾਮਾਂ‘ ਦੇ ਇਸ ਦੁਖੀਏ ਤੇ ਲੋੜਵੰਦ ਪ੍ਰਚਾਰਕ ਦੇ ਚਿਹਰੇ ਉਤੇ ਨਿਰਾਸ਼ਾ ਜਾਂ ਪਛਤਾਵੇ ਦੇ ਸ਼ਿਕਨ ਨਹੀਂ ਸਨ, ਸਗੋਂ ਉਹ ਕਹਿ ਰਿਹਾ ਸੀ-

“ਪੀਰ ਬਾਬਾ ਨਾਨਕ ਉਸ ਪ੍ਰਬੰਧਕ ਨੂੰ ਤੌਫ਼ੀਕ ਅਤਾ ਫ਼ਰਮਾਉਣ… ਸਾਡੇ ਮਜ਼੍ਹਬ ਵਿਚ ਵੀ ਐਸੇ ਤੁਅਸਬੀ ਲੋਕ ਬਹੁਤ ਨੇ!”

ਤਰਲੋਚਨ ਸਿੰਘ ਦੁਪਾਲਪੁਰ