Wednesday, October 13, 2010

ਬੜਾ ਵੱਡਾ ਗੁਨਾਹ ਹੈ ਕਿਸੇ ਦੀ ਲਿਖਤ ਨਾਲ ਛੇੜਛਾੜ ਕਰਨਾ

ਸਕੂਲੀ ਵਿਦਿਆਰਥੀਆਂ ਦਾ ਗੀਤ-ਗਜ਼ਲ-ਕਵਿਤਾ ਗਾਇਨ ਦਾ ਮੁਕਾਬਲਾ ਚੱਲ ਰਿਹਾ ਸੀ। ਜੱਜਾਂ ਦੀ ਟੀਮ ਵਿਚ ਮੇਰਾ ਬੇਟਾ ਵੀ ਸ਼ਾਮਲ ਸੀ। ਕੁੜੀਆਂ-ਮੁੰਡੇ ਆਪੋ-ਆਪਣੀਆਂ ਆਈਟਮਾਂ ਮਾਈਕ ‘ਤੇ ਪੇਸ਼ ਕਰ ਰਹੇ ਸਨ। ਜੱਜ ਸਾਹਿਬਾਨ ਆਪਣੀਆਂ ਨੋਟ-ਬੁੱਕਾਂ ‘ਤੇ ਨਾਲੋ-ਨਾਲ ਨੋਟ ਕਰੀ ਜਾ ਰਹੇ ਸਨ। ਇਕ ਵਿਦਿਆਰਥੀ ਸਟੇਜ ‘ਤੇ ਆ ਕੇ ਕਵਿਤਾ ਪੜ੍ਹਨ ਲੱਗਾ। ਬਾਕੀ ਜੱਜਾਂ ਨਾਲੋਂ ਮੇਰੇ ਬੇਟੇ ਨੇ ਕੁਝ ਜਿ਼ਆਦਾ ਹੀ ‘ਕੰਨ ਚੁੱਕ’ ਲਏ। ਮੁੰਡਾ ਕਵਿਤਾ ਪੜ੍ਹਦਾ ਗਿਆ। ਮੇਰੇ ਬੇਟੇ ਦੇ ਤੇਵਰ ਤਿੱਖੇ ਹੁੰਦੇ ਗਏ।

ਕਵਿਤਾ ਖਤਮ ਕਰਕੇ ਜਦੋਂ ਮੁੰਡਾ ਆਪਣੇ ਥਾਂ ਵਲ ਜਾਣ ਲੱਗਾ ਤਾਂ ਇਸ਼ਾਰਾ ਕਰਕੇ ਮੇਰੇ ਬੇਟੇ ਨੇ, ਉਸਨੂੰ ਆਪਣੇ ਕੋਲ ਬੁਲਾ ਲਿਆ। ਇਕ ਪਾਸੇ ਲਿਜਾ ਕੇ ਪੁੱਛਣ ਲੱਗਾ, ‘‘ਤੈਨੂੰ ਪਤਾ ਇਹ ਕਵਿਤਾ ਕਿਸਦੀ ਲਿਖੀ ਹੋਈ ਹੈ?’’ ਮੁੰਡਾ ਵਿਚਾਰਾ ਘਬਰਾ ਗਿਆ ਤੇ ਉਸਨੇ ਡਰਦੇ-ਡਰਦੇ ਨੇ ‘ਸਰ ਪਤਾ ਨਹੀਂ’ ਕਹਿ ਦਿੱਤਾ। ਉਹਦੇ ਹੱਥੋਂ ਪੇਪਰ ਫੜ ਕੇ ਬੇਟਾ ਕਹਿੰਦਾ, ‘‘ਇਹ ਕਵਿਤਾ ਇੱਥੋਂ ਤੱਕ ਮੇਰੇ ਡੈਡੀ ਜੀ ਦੀ ਲਿਖੀ ਹੋਈ ਹੈ, ਆਹ ਵਾਧੂ ਸਤਰਾਂ ਕਿਸਨੇ ਜੋੜੀਆਂ ਨੇ ਅਤੇ ਕਿਹਨੂੰ ਪੁੱਛ ਕੇ ਜੋੜੀਆਂ ਹਨ?’’ ਰੋਣ ਹਾਕਾ ਹੋਏ ਮੁੰਡੇ ਨੇ ਆਪਣੇ ਡੈਡੀ ਦਾ ਨਾਂ ਲਿਆ।

ਸਰੋਤਿਆਂ ਵਿਚ ਬੈਠਾ ‘ਡੈਡੀ’ ਵੀ ਆਪਣੇ ਮੁੰਡੇ ਨਾਲ ‘ਜੱਜ’ ਦੀ ‘ਘੁਸਰ-ਮੁਸਰ’ ਦੇਖ ਕੇ ਸਟੇਜ ਦੇ ਪਿੱਛੇ ਨੂੰ ਆ ਗਿਆ। ਕਵਿਤਾ ਪੜ੍ਹਨ ਵਾਲੇ ਮੁੰਡੇ ਨੇ ਆਪਣੇ ਬਾਪ ਨੂੰ ਸਾਰੀ ਗੱਲ ਦੱਸੀ। ਮੁੰਡੇ ਦੇ ਬਾਪ ਨੇ ਮੁਸਕਰਾਉਂਦਿਆਂ ਮੇਰੇ ਬੇਟੇ ਨੂੰ ਗਲਵਕੜੀ ‘ਚ ਲੈਂਦਿਆਂ ਕਹਿ ਕੇ ਸ਼ਾਂਤ ਕਰ ਦਿੱਤਾ, ‘‘ਬੱਚੂ, ਤੇਰਾ ਡੈਡੀ ਸਿਰਫ ਤੇਰਾ ਇਕੱਲੇ ਦਾ ਹੀ ਨਹੀਂ, ਮੇਰਾ ਉਹ ਵੱਡੇ ਭਰਾਵਾਂ ਵਰਗਾ ਦੋਸਤ ਹੈ… ਮੇਰੇ ਬੱਚੇ ਆਪਣੇ ਤਾਏ ਦੀਆਂ ਲਿਖੀਆਂ ਕਵਿਤਾਵਾਂ ਪੜ੍ਹ ਸਕਦੇ ਹਨ।’’ ਇੰਨੀ ਸੁਣ ਕੇ ਮੇਰੇ ਬੇਟੇ ਦਾ ਗੁੱਸਾ ਢੈਲਾ ਹੋ ਗਿਆ।

ਅਸਲ ਵਿਚ ਕੁਝ ਮਹੀਨੇ ਪਹਿਲਾਂ ਮੇਰਾ ਇਹੀ ਬੇਟਾ ਖੁਦ ਅਜਿਹੀ ‘ਚੋਰੀ’ ਕਰਦਾ ਪਕੜਿਆ ਗਿਆ ਸੀ। ਤਾਜ਼ੇ-ਤਾਜ਼ੇ ‘ਹੱਥ ਲੱਗੇ’ ਹੋਣ ਕਾਰਨ ਉਹ ਵੀ ਉਤਨਾ ਹੀ ਤੈਸ਼ ‘ਚ ਆ ਗਿਆ, ਜਿੰਨਾ ਗਰਮ ਉਹ ਕਵੀ ਹੋਇਆ ਸੀ, ਜਿਸ ਨੇ ਇਸ ਨੂੰ ਰੰਗੇ ਹੱਥੀਂ ਫੜਿਆ ਸੀ। ਹੋਇਆ ਇਸ ਤਰ੍ਹਾਂ ਕਿ ਸਾਡੇ ਕੋਲ ਇਕ ਕੈਸੇਟ ਪਈ ਸੀ ਸੰਨ 80-82 ਵੇਲੇ ਦੀ। ਬੰਗਾ ਕਾਲਜ ਦੇ ਫੰਕਸ਼ਨ ਸਮੇਂ ਕਿਸੇ ਚਲਦੇ-ਫਿਰਦੇ ਕਵੀ ਦੀ ਗਰਜਵੀਂ ਆਵਾਜ਼ ਵਿਚ ਗਾਈ ਹੋਈ ਕਵਿਤਾ, ਇਸ ਕੈਸੇਟ ਵਿਚ ਰਿਕਾਰਡ ਸੀ। ਮੇਰੇ ਬੇਟੇ ਨੇ ਸੋਚਿਆ ਕਿ ਇਹ ਕਵੀ ਕਿਤੇ ਹੁਣ ਤੱਕ ਜਿਊਂਦਾ ਹੋਣੈ? ਸੋ ਉਸਨੇ ਬੜੀ ਟੌਹਰ ਨਾਲ ਕੈਸੇਟ ਵਿਚਲੀ ਕਵਿਤਾ ਦੀਆਂ ਸਤਰਾਂ ਕੁਝ ਅਦਲਾ-ਬਦਲੀ ਕਰਕੇ, ਅਖਬਾਰ ਵਿਚ ਛਪਵਾ ਦਿੱਤੀਆਂ। ਥੱਲੇ ਆਪਣਾ ਨਾਂ ਤੇ ਫੋਨ ਨੰਬਰ ਵੀ ਲਿਖ ਦਿੱਤਾ।

ਇਧਰ ਮੇਰਾ ਬੇਟਾ ਹਾਲੇ ਅਖ਼ਬਾਰ ਵਿਚ ਆਪਣਾ ਨਾਮ ਛਪਣ ਦੀਆਂ ਖੁਸ਼ੀਆਂ ਹੀ ਮਨਾ ਰਿਹਾ ਸੀ ਕਿ ਉਸ ਕਵਿਤਾ ਦੇ ਲੇਖਕ-ਕਵੀ ਸਾਹਿਬ ਦਾ ਫੋਨ ਆ ਗਿਆ। ਫੋਨ ਕਾਹਦਾ, ਉਹ ਤਾਂ ਕ੍ਰੋਧ ‘ਚ ਆ ਕੇ ਅੰਗਿਆਰ ਵਰਸਾਉਣ ਲੱਗਾ। ਕੋਰਟ-ਕਚਹਿਰੀਆਂ ਵਿਚ ਘੜੀਸਣ ਦੀਆਂ ਧਮਕੀਆਂ ਦੇਣ ਲੱਗਾ। ਛਿੱਥੇ ਪਏ ਮੇਰੇ ਬੇਟੇ ਨੂੰ ਹੋਰ ਤਾਂ ਕੁਝ ਨਾ ਸੁੱਝਾ, ਉਸ ਨੇ ‘ਸੌਰੀ’ ਕਹਿ ਕੇ ਮੇਰਾ ਹਵਾਲਾ ਦਿੱਤਾ ਕਿ ਸਰ, ਮੈਂ ਉਨ੍ਹਾਂ ਦਾ ਬੇਟਾ ਹਾਂ। ਮਾੜਾ-ਮੋਟਾ ਪੱਤਰਕਾਰਾਂ ‘ਚ ਗਿਣਿਆ ਜਾਂਦਾ ਹੋਣ ਕਾਰਨ ਮੇਰੇ ਨਾਂ ਤੋਂ ਵਾਕਿਫ ਉਹ ਕਵੀ ਝੱਟ ਠੰਢਾ ਹੋ ਗਿਆ।

ਲਿਖਾਰੀ, ਖਾਸ ਕਰਕੇ ਕਵੀ ਆਪਣੇ ਘਰ ਚੋਰੀ ਹੋ ਜਾਣ ‘ਤੇ ਸ਼ਾਇਦ ਏਨੇ ਪ੍ਰੇਸ਼ਾਨ ਨਾ ਹੁੰਦੇ ਹੋਣ, ਜਿੰਨਾ ਗੁੱਸਾ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਚੁਰਾਏ ਜਾਣ ‘ਤੇ ਚੜ੍ਹਦਾ ਹੈ। ਜਦ ਕਿਤੇ ਉਨ੍ਹਾਂ ਨੂੰ ਇਹ ‘ਸੂਹ’ ਮਿਲਦੀ ਹੈ ਕਿ ਫਲਾਣਾ ਕਵੀ ਜਾਂ ਗਾਇਕ ਤੁਹਾਡੇ ਲਿਖੇ ਹੋਏ ਗੀਤ-ਗਜ਼ਲ ਦੀ ਮਨਮਰਜ਼ੀ ਦੀ ਭੰਨ-ਤੋੜ ਕਰਕੇ ਵਰਤ ਰਿਹਾ ਹੈ, ਬੱਸ ਉਨ੍ਹਾਂ ਦਾ ਗੁੱਸਾ ਸੱਤਵੇਂ ਅਸਮਾਨ ਨੂੰ ਵੀ ਟੱਪ ਜਾਂਦਾ ਹੈ। ਐਸਾ ਹੋਵੇ ਵੀ ਕਿਉਂ ਨਾ? ਦੁਨਿਆਵੀ ਜਾਂ ਸਰੀਰਕ ਦੁੱਖਾਂ-ਸੁੱਖਾਂ ਤੋਂ ਬੇਪ੍ਰਵਾਹ ਹੋ ਕੇ ਲਿਖਣ ਵਾਲੇ ਕਵੀਆਂ-ਲੇਖਕਾਂ ਦੀ ਰਚਨਾ-ਕਾਲ ਵੇਲੇ ਦੀ ਹਾਲਤ ਬਿਆਨਦਾ ਇਕ ਸ਼ੇਅਰ ਹੈ:

‘ਕਿੰਨਾ ਫਿਕਰ ਗਜ਼ਲਗੋ ਕਰਦੇ ਨਿੱਕੀ ਜਿਹੀ ਸਿਹਾਰੀ ਦਾ।
ਐਪਰ ਚੇਤਾ ਭੁੱਲ ਜਾਂਦੇ ਨੇ ਦਿਲ ‘ਤੇ ਚਲਦੀ ਆਰੀ ਦਾ।’


ਇਲਮ, ਹੁਨਰ ਅਤੇ ਕਲਪਨਾ ਦੀ ਕਾਨੀ ਨਾਲ, ਜਿਗਰ ਦੇ ਖੂਨ ਦੀ ਸਿਆਹੀ ਦੇ ਡੋਬੇ ਲੈ ਕੇ ਜਜ਼ਬਾਤ ਦੀ ਤਰਜ਼ਮਾਨੀ ਕਿਸੇ ਦੀ, ਪਰ ਨਾਮ ਕੋਈ ਹੋਰ ਚਮਕਾਉਂਦਾ ਫਿਰੇ? ਅੱਖਾਂ ਦੇ ਦੀਦੇ ਰਾਤ-ਰਾਤ ਭਰ ਕੋਈ ਹੋਰ ਗਾਲੇ, ਸਟੇਜਾਂ ‘ਤੇ ਬੱਲੇ-ਬੱਲੇ ਕਿਸੇ ਹੋਰ ਦੀ ਹੋਈ ਜਾਵੇ? ਇਹ ਕਿਵੇਂ ਕੋਈ ਬਰਦਾਸ਼ਤ ਕਰ ਸਕਦਾ ਹੈ? ਇਸੇ ਕਰਕੇ ਸਾਹਿਤਕ ਚੋਰੀ ਕਰਨ ਵਾਲੇ ਜਾਂ ਬੌਧਿਕ-ਬੇਈਮਾਨੀ ਕਰਨ ਵਾਲੇ, ਕਾਨੂੰਨ ਦੀਆਂ ਨਜ਼ਰਾਂ ਵਿਚ ਦੋਸ਼ੀ ਮੰਨੇ ਜਾਂਦੇ ਹਨ। ਅਜਿਹੇ ਚੋਰਾਂ ਨੂੰ ਲੱਖਾਂ-ਕਰੋੜਾਂ ਦੇ ਹਰਜ਼ਾਨੇ ਵੀ ਭਰਨੇ ਪੈ ਸਕਦੇ ਹਨ।
ਦੇਸ਼-ਵਿਦੇਸ਼ ਵਿਚ ਸੂਫੀ ਗਾਇਕ ਵਜੋਂ ਪ੍ਰਸਿਧੀ ਪਾਉਣ ਵਾਲੇ ਸਤਿੰਦਰ ਸਰਤਾਜ ਨੂੰ ਵੀ ਅਜਿਹੀ ਸਥਿਤੀ ਵਿਚੋਂ ਗੁਜ਼ਰਨਾ ਪਿਆ। ਅਖ਼ਬਾਰਾਂ ਵਿਚ ਛਪੀ ਜਾਣਕਾਰੀ ਅਨੁਸਾਰ ਜਦੋਂ ਉਹ ਬੀਤੇ ਦਿਨੀਂ ਕੈਨੇਡਾ-ਅਮਰੀਕਾ ਵਿਚ ਧੁੰਮਾਂ ਪਾ ਰਿਹਾ ਸੀ, ਪਿੱਛੇ ਪੰਜਾਬ ਵਿਚ ਸ. ਤਰਲੋਕ ਸਿੰਘ ਜੱਜ ਨਾਂ ਦੇ ਸ਼ਾਇਰ ਨੇ ਸਰਤਾਜ ‘ਤੇ ਦੋਸ਼ ਲਾਇਆ ਕਿ ਉਹ ਮੇਰੀ ਲਿਖੀ ਗਜ਼ਲ ਦੀ ਬਿਨਾਂ ਇਜਾਜ਼ਤ ਲਏ ਭੰਨ-ਤੋੜ ਕਰਕੇ ਗਾ ਰਿਹਾ ਹੈ। ਸ. ਜੱਜ ਨੇ ਇਹ ਵੀ ਐਲਾਨ ਕੀਤਾ ਕਿ ਜੇ ਸਰਤਾਜ ਨੇ ਫਲਾਂ ਤਰੀਕ ਤੱਕ ਇਸ ਗੁਨਾਹ ਦੀ ਮੁਆਫੀ ਨਾ ਮੰਗੀ ਤਾਂ ਮੈਂ ਅਦਾਲਤ ਵਿਚ ਕੇਸ ਦਾਇਰ ਕਰ ਦਿਆਂਗਾ। ਮੀਡੀਏ ਵਿਚ ਇਹ ਮੁੱਦਾ ਕਈ ਮਹੀਨੇ ਛਾਇਆ ਰਿਹਾ। ਇਹ ਵੀ ਸੁਣਿਆ ਗਿਆ ਕਿ ਤਰਲੋਕ ਸਿੰਘ ਜੱਜ ਵਲੋਂ ਸਰਤਾਜ ਨੂੰ ਢਾਈ ਕਰੋੜ ਰੁਪਏ ਹਰਜਾਨੇ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

ਹੁਣ ਖ਼ਬਰ ਆਈ ਹੈ ਕਿ ਸਰਤਾਜ ਨੇ ਸਿਆਣਪ ਵਰਤਦਿਆਂ ਸ. ਜੱਜ ਦੇ ਘਰ ਜਾ ਕੇ ਲਿਖਤੀ ਮੁਆਫੀ ਮੰਗ ਲਈ ਹੈ। ਉਸ ਨੇ ਸ਼ਾਇਰ ਜੱਜ ਦੇ ਘਰ ਦੁਪਹਿਰ ਦਾ ਪ੍ਰਸ਼ਾਦਾ ਵੀ ਛਕਿਆ ਅਤੇ ਉਸਦੇ ਦਿਲ ਨੂੰ ਲੱਗੀ ਠੇਸ ਦੀ ਵੀ ਖਿਮਾ-ਯਾਚਨਾ ਕੀਤੀ। ਸਰਤਾਜ ਨੇ ਲਿਖਤੀ ਮੁਆਫੀਨਾਮੇ ਵਿਚ ਇਹ ਵਿਸ਼ਵਾਸ ਵੀ ਦੁਆਇਆ ਕਿ ਉਹ ਭਵਿੱਖ ਵਿਚ ਅਜਿਹੀ ਕੁਤਾਹੀ ਕਦੇ ਨਹੀਂ ਕਰੇਗਾ ਭਾਵ ਕਿ ਕਿਸੇ ਵੀ ਸ਼ਾਇਰ ਦੀ ਲਿਖਤ ਨਾਲ ਛੇੜਛਾੜ ਨਹੀਂ ਕਰੇਗਾ।

ਇਹ ਗੁਨਾਹ ਭਰੀ ਛੇੜਛਾੜ ਭਲਾ ਸਰਤਾਜ ਨੇ ਕਿੰਨੀ ਕੁ ਕੀਤੀ ਸੀ? ਤਰਲੋਕ ਜੱਜ ਦੇ ਕਹਿਣ ਅਨੁਸਾਰ ਮੇਰੀ 32 ਸਾਲ ਪਹਿਲਾਂ ਲਿਖੀ ਗਜ਼ਲ ਦੇ ਇਕ ਸ਼ੇਅਰ ‘‘ਮੈਨੂੰ ਸ਼ੀਸ਼ੇ ਨੇ ‘ਠੁਕਰਾ’ ਕੇ ਜ਼ਖ਼ਮੀ ਕੀਤਾ ਏ’ ਵਿਚ ਅਦਲਾ-ਬਦਲੀ ਕਰਕੇ ਸਰਤਾਜ ਨੇ ਗਾਇਆ, ‘ਮੈਨੂੰ ਸ਼ੀਸ਼ੇ ਨੇ ‘ਤਿੜਕਾ’ ਕੇ ਜ਼ਖ਼ਮੀ ਕੀਤਾ ਏ।’ ਯਾਨਿ ਕਿ ‘ਠੁਕਰਾ’ ਨੂੰ ‘ਤਿੜਕਾ’ ਬਣਾਉਣ ਦਾ ਢਾਈ ਕਰੋੜ ਹਰਜਾਨਾ।

ਆਮ ਜਿਹੇ ਇਕ ਕਵੀ ਅਤੇ ਇਕ ਦੁਨਿਆਵੀ ਗਾਇਕ ਵਿਚਾਲੇ ਪੈਦਾ ਹੋਏ ਇਸ ਮੁੱਦੇ ਨੂੰ ਵਿਚਾਰਦਿਆਂ ਜ਼ਰਾ ਗੰਭੀਰ ਹੋ ਕੇ ਸਿੱਖ ਇਤਿਹਾਸ ਦੇ ਉਹ ਪੱਤਰੇ ਫਰੋਲੀਏ, ਜਿਥੇ ਸੱਤਵੇਂ ਗੁਰੂ ਜੀ ਦੇ ਬੇਟੇ ਨੇ ਦਿੱਲੀ ਵਿਚ ਸਿਰਫ ਇੰਨਾ ਹੀ ਕਿਹਾ ਸੀ ਕਿ ‘ਮਿੱਟੀ ਮੁਸਲਮਾਨ ਕੀ’ ਨਹੀਂ ਜੀ ‘ਮਿੱਟੀ ਬੇਈਮਾਨ ਕੀ’ ਹੈ। ਕਿਹਾ ਵੀ ਸਿਰਫ ਇਕ ਵਾਰ ਸੀ। ਉਹ ਸਟੇਜਾਂ ‘ਤੇ ਨਹੀਂ ਸੀ ਗਾਉਂਦਾ ਫਿਰਿਆ ਅਤੇ ਨਾ ਹੀ ਕਿਤੇ ਲਿਖਤੀ ਬਾਣੀ ਵਿਚ ਛੇੜਛਾੜ ਹੀ ਕੀਤੀ ਸੀ। ਕੇਵਲ ‘ਮੁਸਲ’ ਸ਼ਬਦ ਦੀ ਥਾਂ ‘ਬੇਈ’ ਬੋਲਣ ‘ਤੇ ਗੁਰੂ ਪਿਤਾ ਸ੍ਰੀ ਰਾਮ ਰਾਇ ਵਲੋਂ ਦੁਰਕਾਰਿਆ ਗਿਆ। ਗੁਰੂ-ਪਿਤਾ ਨੇ ਉਸੇ ਵੇਲੇ ਇਲਾਹੀ ਬਾਣੀ ਦੇ ਸਿਰਫ ਤਿੰਨ ਅੱਖਰ ਬਦਲ ਕੇ ਬੋਲਣ ਵਾਲੇ ਸਕੇ ਪੁੱਤਰ ਨੂੰ ਜਿਊਂਦੇ ਜੀਅ ਮੱਥੇ ਨਾ ਲੱਗਣ ਦਾ ਸਖਤ ਹੁਕਮ ਸੁਣਾ ਦਿੱਤਾ। ਮੁਆਫੀ ਮੰਗਣ ਜਾਂ ਮੁਆਫੀਨਾਮਾ ਲਿਖਣ ਦੀ ਕੋਈ ਗੁੰਜਾਇਸ਼ ਨਹੀਂ ਰੱਖੀ ਗੁਰੂ-ਪਾਤਸ਼ਾਹ ਨੇ। ਗੁਰਬਾਣੀ ਦੇ ਤਿੰਨ ਅੱਖਰ ਬਦਲ ਕੇ ਬੋਲਣ ਨੂੰ ਬੱਜਰ ਗੁਨਾਹ ਮੰਨਿਆ ਗਿਆ।

ਗੁਰਬਾਣੀ-ਕੀਰਤਨ ਦੇ ਸ਼ਰਧਾਲੂ ਇਕ ਵੀਰ ਵਲੋਂ ਭੇਜੀ ਸੀ. ਡੀ. ਸੁਣ ਰਿਹਾ ਸਾਂ। ਕੀਰਤਨ ਕਰਨ ਵਾਲੇ ਬਾਬਾ ਜੀ ਮਧੁਰ-ਕੰਠ ਨਾਲ ਵੈਰਾਗ ਦੇ ਵਿਸ਼ੇ ਨਾਲ ਸੰਬੰਧਤ ਸਾਖੀ ਸੁਣਾ ਕੇ ਆਸਾ ਦੀ ਵਾਰ ਵਿਚੋਂ ਸਲੋਕ ਬੋਲਦੇ ਹਨ:

‘ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ॥
ਕਿਸ ਨਾਲ ਕੀਚੈ ਦੋਸਤੀ ਸਭ ਜਗ ਚਲਣਹਾਰ॥’

ਇਸ ਸਲੋਕ ਤੋਂ ਬਾਅਦ ਵਾਜਾ ਇਕ ਦਮ ਬੀਨ ਦੇ ਭਾਅ ਵੱਜਦਾ ਹੈ ਅਤੇ ਤਿੰਨ ਢੋਲਕੀਆਂ, ਤੇਰਾਂ ਚਿਮਟਿਆਂ ਦੀ ਘਨਘੋਰ ਵਿਚ ਬਾਬਾ ਜੀ ਦੀ ਆਵਾਜ਼ ਉਭਰਦੀ ਹੈ:

‘ਪਾਉਣੀ ਕਿਹਦੇ ਨਾਲ ਦੋਸਤੀ ਤੂੰ ਪਿਆਰਿਆ, ਓ ਦੁਨੀਆਂ ਮੁਸਾਫਰਾਂ ਦੀ…।’

ਅੱਗੇ ਜਾ ਕੇ ਇਕ ਥਾਂ ਹੋਰ ਆਸਾ ਦੀ ਵਾਰ ਵਿਚ ਹੀ ਗਾਇਆ ਜਾਂਦਾ ਇਕ ਛੰਤ (ਹਰਿ ਜੁਗ ਜੁਗ ਭਗਤਿ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ) ਬੋਲ ਕੇ, ਫਿਰ ਚਿਮਟਿਆਂ ਦੀ ਗੜਗੱਜ ਵਿਚ ਧਾਰਨਾ ਪੜ੍ਹੀ ਜਾਂਦੀ ਹੈ:

‘ਪੈਜ ਜੁੱਗੋ-ਜੁਗ ਰੱਖਦਾ ਆਇਆ,
ਜੀ ਆਪਣਿਆਂ ਸੇਵਕਾਂ ਦੀ।’

ਯਾਦ ਰਹੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਆਸਾ ਦੀ ਵਾਰ’ ਦੇ ਉਪਰ ਲਿਖੇ ਹੋਏ ਸਿਰਲੇਖ ਅਨੁਸਾਰ ਗੁਰੂ ਪਾਤਸ਼ਾਹ ਨੇ ਹਦਾਇਤ ਦਿੱਤੀ ਹੋਈ ਹੈ ਕਿ ਇਸ ‘ਵਾਰ’ ਨੂੰ ਟੁੰਡੇ ਅਸਰਾਜੇ ਕੀ ਧੁਨੀ ਅਨੁਸਾਰ ਗਾਉਣਾ ਹੈ। ਏਨੀ ਸਪੱਸ਼ਟ ਹਦਾਇਤ ਦੇ ਬਾਵਜੂਦ ਗੁਰਬਾਣੀ ਦੀਆਂ ਪੰਕਤੀਆਂ ਗਾਉਣ ਵੇਲੇ ਘੋਰ ਅਣਗਹਿਲੀ?

ਸਿਤਮ ਦੀ ਗੱਲ ਹੈ ਕਿ ਧਾਰਨਾ ਵਾਲਾ ‘ਕੀਰਤਨ’ ਕਰਨ ਵਾਲੇ ਮਹਾਪੁਰਸ਼ ਬਾਬੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬਉਚ ਆਖਦੇ ਹੋਏ, ਉਥੋਂ ਪੰਥ ਪ੍ਰਵਾਨਤ ਰਹਿਤ-ਮਰਯਾਦਾ ਵਲ ਦੇਖਦੇ ਹੀ ਨਹੀਂ, ਜਿਸ ਦੇ ਸਫਾ 15 ਉਪਰ ‘ਕੀਰਤਨ’ ਸਿਰਲੇਖ ਦਾ

(ਸ) ਭਾਗ ਸਪੱਸ਼ਟ ਹੈ:

‘(ਸ) ਸ਼ਬਦਾਂ ਨੂੰ ਜੋਟੀਆਂ ਦੀਆਂ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ, ਬਾਹਰ ਦੀਆਂ ਮਨਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ।’

ਸੰਨ 1945 ਵਿਚ ਪੰਥ ਪ੍ਰਸਿੱਧ ਬੁੱਧੀਜੀਵੀਆਂ, ਸਾਧੂਆਂ, ਵਿਦਵਾਨਾਂ, ਲਿਖਾਰੀਆਂ ਅਤੇ ਅਨੇਕਾਂ ਗੁਰਸਿੱਖਾਂ ਵਲੋਂ ਬਣਾਈ ਅਤੇ ਸਮੁੱਚੇ ਪੰਥ ਵਲੋਂ ਪ੍ਰਵਾਨੀ ਗਈ ਇਸ ਮਰਿਆਦਾ ਦਾ ਵਾਸਤਾ ਪਾ ਕੇ, ਜਦ ਕੋਈ ਧਰਮੀ ਪੁਰਖ ਧਾਰਨਾ ਲਾਉਣ ਵਾਲੇ ਬਾਬਿਆਂ ਜਾਂ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਉਕਤ ਹਦਾਇਤ ਬਾਰੇ ਦੱਸਦਾ ਹੈ ਤਾਂ ਅੱਗਿਓਂ ਘੜਿਆ-ਘੜਾਇਆ ਇਕੋ ਉਤਰ ਮਿਲਦਾ ਹੈ,

‘‘ਜੀ, ਸਾਡੇ ਵੱਡੇ ਮਹਾਂਪੁਰਖ ਵੀ ਇੰਜ ਹੀ ਕਰਦੇ ਹੁੰਦੇ ਸਨ।’’

ਇਹ ਜਵਾਬ ਦਿੰਦੇ ਵਕਤ ਉਹ ਇਕ ਗੁਰਵਾਕ ਭੁੱਲ ਹੀ ਜਾਂਦੇ ਹਨ ਕਿ ਸੰਸਾਰ ਵਿਚ ਗੁਰੂ ਅਤੇ ਪਰਮਾਤਮਾ ਹੀ ਅਭੁੱਲ ਹਨ, ਬਾਕੀ ਸਭ ਭੁੱਲਣਹਾਰ ਹਨ।

ਕੱਚੀਆਂ ਧਾਰਨਾ ਲਾਉਣ ਜਾਂ ਗਾਉਣ ਦੇ ਹਮਾਇਤੀ ਸੰਤ-ਬਾਬਿਆਂ ਦੀ ਇਸੇ ਵਿਸ਼ੇ ਬਾਰੇ ਦਿਲਚਸਪ ਗੱਲ ਹੋਰ ਸੁਣ ਲਓ। ਖੁਦ ਤਾਂ ਗੁਰਬਾਣੀ-ਤੁਕਾਂ ਦੇ ਉਚਾਰਨ ਦੀ ਤੋੜ-ਮਰੋੜ ਕਰਕੇ ਲੋਕ ਗੀਤਾਂ ਵਰਗੀਆਂ ਧਾਰਨਾ ਗਾਉਣ ਤੋਂ ਗੁਰੇਜ਼ ਨਹੀਂ ਕਰਦੇ ਪਰ ਜਦੋਂ ਸਿੱਖ ਮਿਸ਼ਨਰੀ ਕਾਲਜ ਵਾਲੇ ਵੀਰ ਗੁਰਬਾਣੀ ਉਚਾਰਨ ਵੇਲੇ ਬਿੰਦੀਆਂ-ਟਿੱਪੀਆਂ ਬੁਲਾਉਣ ਦੀ ਵਕਾਲਤ ਕਰਦੇ ਹਨ ਤਾਂ ਉਦੋਂ ਇਹੀ ਸੰਤ-ਸਮਾਜ, ਉਨ੍ਹਾਂ ਨਿਸ਼ਕਾਮ ਪ੍ਰਚਾਰਕਾਂ ਨੂੰ ‘ਨਾਸਤਿਕ’ ਕਹਿਣ ਤੱਕ ਚਲਾ ਜਾਂਦਾ ਹੈ।

ਕੋਈ ਸ਼ਾਇਰ ਕਿਸੇ ਗਾਇਕ ਹੱਥੋਂ ਆਪਣੇ ਗੀਤਾਂ ਦੀ ਹੋਈ ਟੁੱਟ-ਭੱਜ ਨੂੰ ਸਹਿਣ ਨਹੀਂ ਕਰਦਾ। ਕਰੋੜਾਂ ਦੇ ਹਰਜਾਨੇ ਪਾਉਣ ਤੱਕ ਜਾਂਦਾ ਹੈ। ਗੁਨਾਹਗਾਰ ਗਾਇਕ ਦਾ ਲਿਖਤੀ ਮੁਆਫੀ ਮੰਗਣ ਬਗੈਰ ਛੁਟਕਾਰਾ ਨਹੀਂ ਹੁੰਦਾ। ਗੁਰੂ ਦਾ ਦਰਜਾ ਪ੍ਰਾਪਤ ਬਾਣੀ ਦੀਆਂ ਕੱਚੀਆਂ ਧਾਰਨਾ ਸੁਣ ਕੇ, ਕੀ ਗੁਰੂ ਬਾਬਾ ਜੀ ਖੁਸ਼ ਹੁੰਦੇ ਹੋਣਗੇ?

ਤਰਲੋਚਨ ਸਿੰਘ ਦੁਪਾਲਪੁਰ