Friday, September 24, 2010

ਪੰਜ ਪੁੱਤਰਾਂ ਦੀ ਮਾਂ ਦੀਆਂ ਗੱਲਾਂ

ਇਹ ਕਿਤਾਬ ਰਾਮ ਦੀ ਹੈ।
ਇਹ ਹੀ ਕਿਤਾਬ ਰਾਮ ਦੀ ਹੈ।
ਇਹ ਕਿਤਾਬ ਹੀ ਰਾਮ ਦੀ ਹੈ।
ਇਹ ਕਿਤਾਬ ਰਾਮ ਦੀ ਹੀ ਹੈ।

ਢੁੱਡੀਕੇ ਵਾਲੇ ਮਾਸਟਰ ਗੁਰਮੀਤ ਸਿੰਘ ਵਲੋਂ ਬਲੈਕ-ਬੋਰਡ ਉਪਰ ਲਿਖੇ ਗਏ ਇਹ ਉਹ ‘ਚਾਰ ਫਿਕਰੇ’ ਹਨ, ਜਿਨ੍ਹਾਂ ਤੋਂ ਸਾਨੂੰ ਸੱਤਾਂ ਸਾਲਾਂ ਤੋਂ ਪੰਜਾਬੀ ਪੜ੍ਹਦਿਆਂ ਨੂੰ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਕਿਸੇ ਭਾਸ਼ਾ ਵਿਚ ਵਿਆਕਰਣ ਦਾ ਕੀ ਮਹੱਤਵ ਹੁੰਦਾ ਹੈ। ਛੇਵੀਂ ਜਮਾਤ ਵਿਚ ਲੱਗੀ ਵਿਆਕਰਣ ਦੀ ਕਿਤਾਬ ਨੂੰ ਅਸੀਂ ‘ਵਿਆਹ-ਕਰਣ ਹੀ ਬੋਲੀ ਗਏ। ਸੱਤਵੀਂ ਵਿਚ ਚੜ੍ਹ ਕੇ ਵੀ ਅਸੀਂ ‘ਪੰਜਾਬੀ ਵਿਆਕਰਣ’ ਵਾਲੀ ਪੁਸਤਿਕਾ ਨੂੰ ਉਸ ਵੇਲੇ ਤੱਕ ‘ਐਵੇਂ ਵਾਧੂ’ ਹੀ ਸਮਝਦੇ ਰਹੇ, ਜਦੋਂ ਤੱਕ ਮਾਸਟਰ ਗੁਰਮੀਤ ਸਿੰਘ ਸਾਡੇ ਸਕੂਲ ‘ਚ ਨਹੀਂ ਸੀ ਆਇਆ। ਧੁਰ ਅੰਦਰੋਂ ਖੁੱਭ ਕੇ ਪੜ੍ਹਾਈ ਕਰਾਉਣ ਵਾਲਾ ਇਹ ਸ਼ੁੱਧ ਮਲਵਈ ਅਧਿਆਪਕ, ਸਾਨੂੰ ਦੁਆਬੀਆਂ ਨੂੰ ਕਿਵੇਂ ਨਸੀਬ ਹੋ ਗਿਆ?

ਇਸ ਸਵਾਲ ਦਾ ਜਵਾਬ ਇਹ ਹੈ ਕਿ ਜਦੋਂ ਸੰਨ 67-68 ਵਿਚ ਪੰਜਾਬ ਸਰਕਾਰ ਅਕਾਲੀਆਂ ਦੀ ਬਣੀ ਸੀ ਤਾਂ ਤੱਤਕਾਲੀ ਵਿਦਿਆ ਮੰਤਰੀ ਸ. ਕਰਤਾਰ ਸਿੰਘ ਵੈਦ ਨੇ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ‘ਅਕਲ ਦੇਣ’ ਵਜੋਂ ਉਨ੍ਹਾਂ ਦੇ ਕੁੱਬ ‘ਚ ਲੱਤ ਮਾਰੀ ਸੀ, ਉਹ ਮਾਰੀ ਹੋਈ ਲੱਤ, ਆਪਣੇ ਆਪ ਘਰਾਂ ਤੋਂ ਵੀਹ ਵੀਹ ਮੀਲ ਦੂਰ ਚੱਕ ਮਾਰੇ ਅਧਿਆਪਕਾਂ ਨੂੰ ਤਾਂ ਰਾਸ ਨਹੀਂ ਬੈਠੀ, ਪਰ ਸਾਨੂੰ ਉਸ ਦਾ ਬਹੁਤ ਫਾਇਦਾ ਹੋਇਆ। ਦੁਆਬੇ ਦੀ ਠੇਠ ਪੇਂਡੂ ਬੋਲੀ ਦੇ ਕਈ ਸਾਰੇ ਲਫ਼ਜ਼ਾਂ ਤੋਂ ਅਣਜਾਣ ਇਹ ਅਧਿਆਪਕ, ਨੇੜਲੇ ਬੱਸ ਅੱਡੇ ਤੋਂ ਪੈਦਲ ਤੁਰ ਕੇ, ਸਾਡੇ ਸਕੂਲ ਕਿਵੇਂ ਪਹੁੰਚਿਆ? ਇਹ ਮਨੋਰੰਜਕ ਯਾਤਰਾ ਦਾ ਕਿੱਸਾ ਥੋੜ੍ਹਾ ਠਹਿਰ ਕੇ! ਪਹਿਲਾਂ ਜ਼ਰਾ ਉਪਰੋਕਤ ‘ਰਾਮ ਦੀ ਕਿਤਾਬ’ ਵਾਲੇ ਚਾਰ ਵਾਕਾਂ ਦੀ ਵਿਆਖਿਆ ਕਰ ਲਈਏ।
ਇਸ ਮਿਹਨਤੀ ਟੀਚਰ ਨੇ ਸਕੂਲ ਪਹੁੰਚਣ ਤੋਂ ਦੂਜੇ ਤੀਜੇ ਦਿਨ ਹੀ ਸਾਡੀ ਸੱਤਵੀਂ ਕਲਾਸ ਦਾ ‘ਗਿਆਨ ਪੱਧਰ’ ਪਰਖਣ ਹਿੱਤ, ਆਪਣੇ ਪੀਰੀਅਡ ਸਮੇਂ ਬਲੈਕ-ਬੋਰਡ ‘ਤੇ ਉਕਤ ਚਾਰ ਫਿਕਰੇ ਲਿਖੇ। ਤਕਰੀਬਨ 26-27 ਮੁੰਡੇ ਕੁੜੀਆਂ ਦੀ ਕਲਾਸ ਵਿਚੋਂ, ਉਸ ਨੇ ਇਕੱਲੇ ਇਕੱਲੇ ਨੂੰ ਇਹ ਪੁੱਛਿਆ ਕਿ ਇਨ੍ਹਾਂ ਚੌਹਾਂ ਵਾਕਾਂ ਦਾ ਅਰਥ, ਇਕੋ ਹੀ ਹੈ ਜਾਂ ਵੱਖਰਾ ਵੱਖਰਾ? ਪੂਰੀ ਦੀ ਪੂਰੀ ਕਲਾਸ ਨੇ ‘ਲਾਇਕ’ ਅਤੇ ‘ਹੁਸਿ਼ਆਰ’ ਹੋਣ ਦਾ ਸਬੂਤ ਦਿੰਦਿਆਂ ਆਖਿਆ-”ਜੀ, ਚੌਹਾਂ ਵਾਕਾਂ ਦਾ ਇਕ ਹੀ ਮਤਲਬ ਹੈ ਕਿ ਕਿਤਾਬ ਰਾਮ ਦੀ ਹੈ।”
ਜਦ ਸਾਰੀ ਕਲਾਸ ਦੇ ਵਿਦਿਆਰਥੀ ‘ਭੁਗਤ ਗਏ’ ਤਾਂ ਗੁਰਮੀਤ ਸਿੰਘ ਨੇ ਆਪਣੇ ਮੱਥੇ ਉਤੇ ਹੱਥ ਮਾਰ ਕੇ ਆਪਣੀਆਂ ਅੱਖਾਂ ਹੈਰਾਨੀ ਨਾਲ ਚੌੜੀਆਂ ਕਰਦਿਆਂ, ਆਲੇ ਦੁਆਲੇ ਨੂੰ ਸਿਰ ਘੁਮਾਇਆ! ਅਸੀਂ ਸਾਰੇ ਜਾਣੇ ਬਲੈਕ-ਬੋਰਡ ਵੱਲ ਨੂੰ ਬਿਟਰ ਬਿਟਰ ਝਾਕਦੇ ਹੋਏ ਸੋਚ ਰਹੇ ਸਾਂ ਕਿ ਪਹਿਲੇ ਵਾਕ ਵਿਚ ‘ਹੀ’ ਸ਼ਬਦ ਨਹੀਂ ਹੈ, ਅਤੇ ਬਾਕੀ ਦੇ ਤਿੰਨਾਂ ਵਿਚ ‘ਹੀ’ ਥਾਂ ਬਦਲ ਬਦਲ ਕੇ ਲਾਇਆ ਹੋਇਆ ਹੈ। ਪਰ ਅਰਥ ਤਾਂ ਚੋਹਾਂ ਦਾ ਇਕ ਹੀ ਹੋਇਆ, ਪਈ ਕਿਤਾਬ ਰਾਮ ਦੀ ਹੈ!… ਕੁਝ ਪਲ ਚੁੱਪ-ਗੜੁੱਪ ਬੈਠਣ ਤੋਂ ਬਾਅਦ ਉਸ ਨੇ ਬੜੇ ਤਹੰਮਲ ਨਾਲ ਸਾਡੇ ਖਾਨੇ ‘ਚ ਇਹ ਗੱਲ ਪਾਈ ਕਿ ਪਹਿਲਾ ਵਾਕ ’ਸਧਾਰਨ ਵਾਕ’ ਹੈ ਜਿਸ ਦਾ ਸਿੱਧ ਪੱਧਰਾ ਅਰਥ ਹੈ ਕਿ ਕੋਈ ਕਿਤਾਬ ਪਈ ਹੈ ਉਹ ਰਾਮ ਨਾਂ ਦੇ ਲੜਕੇ ਦੀ ਹੈ।
ਦੂਜੇ ਫਿਕਰੇ ਦਾ ਭਾਵ ਬਣਦਾ ਹੈ ਕਿ ਕਿਤਾਬਾਂ ਬਹੁਤ ਸਾਰੀਆਂ ਪਈਆਂ ਹਨ, ਪਰ ਉਨ੍ਹਾਂ ਵਿਚ ਇਕੋ ਕਿਤਾਬ ਰਾਮ ਦੀ ਹੈ। ਤੀਸਰੇ ਦਾ ਅਰਥ ਹੈ ਕਿ ਕਿਤਾਬ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦਾ ਸਾਮਾਨ ਪਿਆ ਹੈ, ਪਰ ਇਸ ਵਿਚ ਰਾਮ ਦੀ ਸਿਰਫ ਇਹ ਕਿਤਾਬ ਹੀ ਹੈ। ਚੌਥੇ ਵਾਕ ਵਿਚ ਇਹ ਜਾਣਕਾਰੀ ਹੈ ਕਿ ਮੁੰਡੇ ਕਈ ਦਾਅਵੇਦਾਰ ਹਨ, ਪਰ ਕਿਤਾਬ ਦਾ ਮਾਲਕ ਸਿਰਫ ਰਾਮ ਹੀ ਹੈ। ਮਾਸਟਰ ਜੀ ਪਾਸੋਂ ਚੌਹਾਂ ਫਿਕਰਿਆਂ ਦੇ ਅਲੱਗ ਅਲੱਗ ਅਰਥ ਸੁਣ ਕੇ ਸਾਡੇ ‘ਕਪਾਟ’ ਖੁੱਲ੍ਹ ਗਏ ਅਤੇ ਅਸੀਂ ਪੰਜਾਬੀ ਬੋਲੀ ਦੇ ਵਿਆਕਰਣ ਸਬੰਧੀ ਨਿਯਮਾਂ ਵਿਚ ਡੂੰਘੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ‘ਪਾਣਿਨੀ’ ਤਾਂ ਬਣਨਾ ਦੂਰ ਦੀ ਗੱਲ ਹੈ, ਪਰ ਉਸ ਦੀ ਸਿੱਖਿਆ ਦੇ ਉਪਾਸ਼ਕ ਜ਼ਰੂਰ ਬਣ ਗਏ!
ਅੱਗੇ ਵਧਣ ਤੋਂ ਪਹਿਲਾਂ ਇਸ ਮਲਵਈ ਮਾਸਟਰ ਦੀ ਸਾਡੇ ਇਲਾਕੇ ਵਿਚ ਪਹੁੰਚਣ ਦੀ ਵਾਰਤਾ ਦਾ ਲੁਤਫ ਵੀ ਲੈਂਦੇ ਜਾਓ। ਅੱਜ ਕੱਲ੍ਹ ਤਾਂ ਆਵਾਜਾਈ ਦੇ ਸਾਧਨ ਹੀ ਬਹੁਤ ਵਧ ਗਏ ਹਨ, ਪਰ ਉਨ੍ਹਾਂ ਦਿਨਾਂ ਵਿਚ ਸਾਡੇ ਨੇੜਲੇ ਕਸਬੇ ਜਾਡਲੇ ਤੋਂ ਬੱਸੇ ਉਤਰ ਕੇ, ਆਲੇ ਦੁਆਲੇ ਦੇ ਪਿੰਡਾਂ ਨੂੰ ਪੈਦਲ ਹੀ ਜਾਇਆ ਜਾਂਦਾ ਸੀ। ਇਥੇ ਬੱਸੋਂ ਉਤਰ ਕੇ ਮਾਸਟਰ ਗੁਰਮੀਤ ਸਿੰਘ ਨੇ ਕਿਸੇ ਬੰਦੇ ਕੋਲੋਂ ਸਾਡੇ ਪਿੰਡ ਦਾ ਰਾਹ ਪੁਛਿਆ। ਰਾਹ ਦੱਸਣ ਵਾਲੇ ਨੇ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਇੰਜ ਇੰਜ ਜਾ ਕੇ ਨਹਿਰ ਟੱਪਣ ਤੋਂ ਬਾਅਦ ਦੱਖਣ ਵੱਲ ਨੂੰ ਇਕ ਗੋਹਰੀ ਜਾਵੇਗੀ, ਉਹ ਸਿੱਧੀ ਦੁਪਾਲਪੁਰ ਜਾਵੇਗੀ। ਮਾਸਟਰ ਜੀ ਲਈ ਇਹ ‘ਗੋਹਰੀ’ ਲਫ਼ਜ਼ ਇਕ ਦਮ ਨਵਾਂ ਸੀ, ਪਰ ਉਨ੍ਹਾਂ ਇਸ ਦਾ ਅਰਥ ਪੁੱਛਣਾ ਮੁਨਾਸਬ ਨਾ ਸਮਝਿਆ ਤੇ ਚੁੱਪ ਕਰਕੇ ਤੁਰ ਪਏ। ਦੱਸੇ ਮੁਤਾਬਿਕ ਜਦ ਉਹ ਬਿਸਤ ਦੁਆਬ ਨਹਿਰ ਟੱਪੇ ਤਾਂ ਅੱਗੇ ਅਧਖੜ੍ਹ ਜਿਹੀ ਇਕ ਜਨਾਨੀ, ਜੋ ਨਹਿਰੋਂ ਪਾਰ ਖੇਤੀ ਕਾਮਿਆਂ ਲਈ ਦੁਪਹਿਰ ਦੀ ਰੋਟੀ ਦੇ ਕੇ ਆਈ ਸੀ, ਮਾਸਟਰ ਜੀ ਦੀ ਨਜ਼ਰ ਪੈ ਗਈ। ਕੁਝ ਵਿਥ ਰੱਖ ਕੇ ਉਹ ਉਹਦੇ ਪਿਛੇ ਪਿਛੇ ਦੱਖਣ ਵੱਲ ਨੂੰ ਤੁਰ ਪਏ। ਮਨ ਵਿਚ ਹੈਰਾਨੀ ਨਾਲ ਸੋਚਣ ਲੱਗੇ-
“…ਬੱਸ ਅੱਡੇ ਵਿਚ ਰਾਹ ਦੱਸਣ ਵਾਲਾ ਬੰਦਾ ਜਰੂਰ ਕੋਈ ਜੋਤਸ਼ੀ ਹੋਵੇਗਾ! ਜਿਸ ਨੇ ਉਥੇ ਖੜ੍ਹੇ ਨੇ ਹੀ ਦੱਸ ਦਿਤਾ ਸੀ ਕਿ ਨਹਿਰ ਟੱਪ ਕੇ ਦੱਖਣ ਦੇ ਪਾਸੇ ਨੂੰ ਇਕ ‘ਗੋਰੀ’ ਜਾਵੇਗੀ!!” ਮਾਸਟਰ ਦੇ ਚੰਗੇ ਭਾਗਾਂ ਨੂੰ ਉਹ ‘ਗੋਰੀ’ ਸਾਡੇ ਪਿੰਡ ਦੀ ਹੀ ਸੀ। ਇਸੇ ਕਰਕੇ ਉਹਦੇ ਮਗਰੇ ਮਗਰ ਤੁਰਦੇ ਹੋਏ ਉਹ ਸਹੀ ਥਾਂ ‘ਤੇ ਪਹੁੰਚ ਗਏ ਜਦ ਉਨ੍ਹਾਂ ਨੇ ਇਹ ਸਾਰੀ ਕਹਾਣੀ ਸਨਿਚਰਵਾਰ ਲੱਗਦੀ ‘ਬਾਲ ਸਭਾ’ ਵਿਚ ਸੁਣਾਈ ਤਾਂ ਸਾਰਿਆਂ ਦਾ ਹਾਸਾ ਨਾ ਬੰਦ ਹੋਵੇ! ਜਦ ਉਨ੍ਹਾਂ ਨੂੰ ਦੁਆਬੀਏ ਟੀਚਰ ਨੇ ਦੱਸਿਆ ਕਿ ਇਸ ਇਲਾਕੇ ਵਿਚ ਕੱਚੇ ਰਸਤੇ ਨੂੰ ਗੋਹਰੀ ਜਾਂ ਗੋਹਰ ਕਹਿੰਦੇ ਨੇ! ਹੱਸ ਹੱਸ ਕੇ ਦੂਹਰੇ ਹੁੰਦੇ ਜਾਂਦੇ ਮਾਸਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ੁਕਰ ਕਰੋ, ਤੁਹਾਨੂੰ ਗੋਹਰੀ ਦੇ ਨਾਲ ਨਾਲ ‘ਗੋਰੀ’ ਵੀ ਮਿਲ ਗਈ ਨਹੀਂ ਤਾਂ ਪਤਾ ਨਹੀਂ ਤੁਸੀਂ ਕਿਧਰੇ ਭੱਮੜ ਭੁਨਾਉਂਦੇ ਫਿਰਦੇ ਰਹਿੰਦੇ! ਨਵੇਂ ਸੁਣੇ ਲਫ਼ਜ਼ ‘ਗੋਹਰੀ’ ਦੀ ਵਿਆਖਿਆ ਸੁਣ ਕੇ, ਫਿਰ ਗੁਰਮੀਤ ਸਿੰਘ ਹੋਰੀਂ ਹੱਸ ਹੱਸ ਢੇਰ ਹੋ ਗਏ!
ਉਦੋਂ ਵਿਦਿਆ ਮੰਤਰੀ ਵੈਦ ਸਾਹਿਬ ਵਲੋਂ ਟੀਚਰਾਂ ਨੂੰ ਦਿੱਤੀ ਜਾਂਦੀ ‘ਦਵਾਈ’ ਸਾਨੂੰ, ਖਾਸ ਕਰਕੇ ਮੈਨੂੰ, ਨਿੱਜੀ ਤੌਰ ‘ਤੇ ਬਹੁਤ ਹੀ ਮਾਫਕ ਬੈਠੀ। ਕਿਉਂਕਿ ਇਨ੍ਹਾਂ ਹੀ ਦਿਨਾਂ ਵਿਚ ਸਾਡੇ ਸਕੂਲ ਵਿਚ ਬਤੌਰ ਹੈਡਮਾਸਟਰ ਬਣਕੇ ਆਏ ਸਰਦਾਰ ਕੇਵਲ ਸਿੰਘ ਰੱਕੜਾਂ ਢਾਹਾਂ ਨੇ ਮੇਰੇ ਵਿਚ ਨਿੱਜੀ ਦਿਲਚਸਪੀ ਲੈ ਕੇ, ਨੈਤਿਕ ਸਦਾਚਾਰਕ ਅਤੇ ਧਾਰਮਿਕ ਗੁਣਾਂ ਨਾਲ ਮੈਨੂੰ ਭਰਪੂਰ ਕਰਨ ਦੀ ਪੂਰੀ ਕੋਸਿ਼ਸ਼ ਕੀਤੀ। ਹੈਡਮਾਸਟਰ ਸਾਹਿਬ ਨੇ ਹੀ ਮੈਨੂੰ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ। ਉਹ ਇਤਨੇ ਮਨੋਰੰਜਕ ਢੰਗ ਨਾਲ ਸਾਨੂੰ ਪੜ੍ਹਾਉਂਦੇ ਹੁੰਦੇ ਸਨ ਕਿ ਅਸੀਂ ਉਨ੍ਹਾਂ ਦੇ ਪੀਰੀਅਡ ਨੂੰ ਤਾਂਘ ਨਾਲ ਉਡੀਕਦੇ ਰਹਿੰਦੇ। ਇਕ ਵਾਰ ਉਨ੍ਹਾਂ ਨੇ ਲਿਖਣ ਜਾਂ ਪੜ੍ਹਨ ਸਮੇਂ ਵਿਆਕਰਣ ਦੀਆਂ ਬਾਰੀਕੀਆਂ ਦੱਸਦਿਆਂ ਹੋਇਆ, ਮੰਡੀਆਂ ਦੇ ਮੁਨੀਮਾਂ ਵਲੋਂ ਵਰਤੇ ਜਾਂਦੇ ‘ਲੰਡਿਆਂ’ ਦੀ ਕਹਾਣੀ ਸੁਣਾਈ।
ਰੂੰ-ਮੰਡੀ ਵਿਚ ਸਥਿਤ ਕਿਸੇ ਲਾਲੇ ਦੀ ਵੱਡੀ ਦੁਕਾਨ ‘ਤੇ ਰੱਖਿਆ ਨਵਾਂ ਨਵਾਂ ਮੁਨੀਮ, ਦੁਪਹਿਰੋਂ ਬਾਅਦ ਰੋਂਦਾ-ਪਿੱਟਦਾ ਲਾਲਾ ਜੀ ਦੇ ਘਰੇ ਜਾ ਪਹੁੰਚਾ। ਉਸ ਨੂੰ ਧਾਹਾਂ ਮਾਰਦਾ ਦੇਖ ਕੇ ਲਾਲਾ ਜੀ ਦੇ ਸਾਰੇ ਟੱਬਰ ਦੇ ਪ੍ਰਾਣ ਖੁਸ਼ਕ ਹੋ ਗਏ, ਕਿ ਜ਼ਰੂਰ ਕੋਈ ਭਾਵੀ ਵਰਤ ਗਈ ਹੈ! ਉਸ ਦੇ ਆਲੇ ਦੁਆਲੇ ਹੁੰਦਿਆਂ ਉਨ੍ਹਾਂ ਨੇ ਮੁਨੀਮ ਨੂੰ ਰੋਣ ਦਾ ਕਾਰਨ ਪੁਛਿਆ। ਮੁਨੀਮ ਨੇ ਸਿਸਕੀਆਂ ਭਰਦੇ ਹੋਏ ਨੇ ਦੱਸਿਆ ਕਿ ਲਾਲਾ ਜੀ ਚੜ੍ਹਾਈ ਕਰ ਗਏ ਹਨ। ਘਰਦਿਆਂ ਨੇ ਹਟਕੋਰੇ ਭਰਦਿਆ ਪੁੱਛਿਆ ਕਿ ਘਰੋਂ ਤਾਂ ਉਹ ਚੰਗੇ ਭਲੇ ਗਏ ਨੇ, ਅਚਾਨਕ ਇਹ ਕਿਵੇਂ ਵਾਪਰ ਗਿਆ? ਅੱਖਾਂ ਪੂੰਝਦਿਆਂ ਮੁਨੀਮ ਦੱਸਣ ਲੱਗਿਆ- “ਦੁਪਹਿਰ ਦੀ ਰੋਟੀ ਆਪਣੇ ਘਰ ਖਾਣ ਜਾਣ ਤੋਂ ਪਹਿਲਾਂ ਮੈਂ ਵੀ ਉਨ੍ਹਾਂ ਨੂੰ ਹੱਸਦਾ ਖੇਡਦਾ ਹੀ ਛੱਡ ਕੇ ਗਿਆ ਸਾਂ… ਜਦ ਮੈਂ ਮੁੜ ਕੇ ਆ ਕੇ ਦੇਖਿਆ ਤਾਂ ਲਾਲਾ ਜੀ ਉਥੇ ਹੈ ਨਹੀਂ ਸਨ… ਕੰਬਦੇ ਹੱਥਾਂ ਨਾਲ ਮੈਂ ‘ਲਾਲ ਚੁਪੱਤਾ’ ਖੋਲ੍ਹ ਕੇ ਪੜ੍ਹਿਆ… ਮੇਰੇ ਹੋਸ਼ ਉਡ ਗਏ! ..ਉਥੇ ਲਾਲ ਜੀ ਦੇ ਹੀ ਹੱਥਾਂ ਦਾ ਲਿਖਿਆ ਹੋਇਆ ‘ਨੋਟ’ ਸੀ-
“ਲਾਲਾ ਜੀ ਅੱਜ ਮਰ ਗਏ, …ਰੋ ਲੈਣ!”ਸੋ, ਇਹ ਕੁਲੱਛਣੀ ਖ਼ਬਰ ਦੇਣ ਲਈ ਮੈਂ ਤੁਹਾਡੇ ਕੋਲ ਆਇਆ ਹਾਂ। ਰੋਂਦਿਆਂ ਹੋਇਆਂ ਮੁਨੀਮ ਨੇ ਸਾਰਾ ਬਿਰਤਾਂਤ, ਲਾਲੇ ਦੇ ਘਰਦਿਆਂ ਨੂੰ ਕਹਿ ਸੁਣਾਇਆ।
ਲੰਡਿਆਂ ਦੀ ਲਿਖਣ ਸ਼ੈਲੀ ਦੇ ਮਾਹਰ, ਲਾਲਾ ਜੀ ਦੇ ਲੜਕੇ ਘਬਰਾਏ ਹੋਏ ਦੁਕਾਨ ‘ਤੇ ਦੌੜੇ ਗਏ। ਮੁਨੀਮ ਦੇ ਦੱਸੇ ਮੁਤਾਬਿਕ ਉਨ੍ਹਾਂ ‘ਲਾਲ ਚੁਪੱਤਾ’ ਖੋਲ੍ਹਿਆ। …ਪੜ੍ਹਦਿਆਂ ਸਾਰ ਉਨ੍ਹਾਂ ਦੇ ਸਾਹ ਵਿਚ ਸਾਹ ਆਇਆ ਅਤੇ ‘ਟਰੇਨੀ ਮੁਨੀਮ’ ਨੂੰ ਲੱਗ ਪਏ ਲਾਹਣਤਾਂ ਪਾਉਣ! ਲੰਡਿਆਂ ਦੀ ਲਿਪੀ ‘ਚ ਲਗਾਂ-ਮਾਤਰਾਂ ਨਾ ਹੋਣ ਕਾਰਨ, ਮੁਨੀਮ ਵਿਚਾਰਾ- ‘ਲਾਲਾ ਜੀ ਅਜਮੇਰ ਗਏ, ਰੂੰ ਲੈਣ’ ਵਾਲੇ ਲਿਖਤ-ਸੁਨੇਹੇ ਨੂੰ ‘ਲਾਲਾ ਜੀ ਅੱਜ ਮਰ ਗਏ, ਰੋ ਲੈਣ’ ਹੀ ਪੜ੍ਹੀ ਗਿਆ!!
ਜਿਵੇਂ ਕੱਚ-ਘਰੜ ਮੁਨੀਮ ਨੇ ਚੰਗਾ ਭਲਾ ਲਾਲਾ ਜਮ-ਪੁਰੀ ਪਹੁੰਚਾ ਦਿੱਤਾ, ਇਵੇਂ ਅੱਜ ਪੰਜਾਬੀ ਬੋਲੀ ਨਾਲ ਦੁਰ-ਵਿਵਹਾਰ ਹੋ ਰਿਹਾ ਹੈ। ਕਹਿਣ ਨੂੰ ਇਹ ਸਾਡੀ ਮਾਂ-ਬੋਲੀ ਹੈ, ਪਰ ਜਿੰਨੀ ਯੱਖਣਾ ਇਸ ਦੀ ਅਸੀਂ ਪੰਜਾਬੀ ਪੁੱਟ ਰਹੇ ਹਾਂ, ਇਹ ਜਾਣਿਆਂ ਹੀ ਪਤਾ ਲੱਗਦਾ ਹੈ। ਗੁਰਮੁਖੀ ਲਿਪੀ ਅਤੇ ਇਸ ਦੀਆਂ ਲਗਾਂ-ਮਾਤਰਾਂ ਦੀ ਸਹੀ ਵਰਤੋਂ ਕਰਨ ਤੋਂ ਅਣਜਾਣ ਲੇਖਕ, ਅਰਥ ਦਾ ਅਨਰਥ ਕਰੀ ਜਾ ਰਹੇ ਹਨ। ਪੰਜਾਬੀ ਦੀਆਂ ਅਖਬਾਰਾਂ ਅਤੇ ਮੈਗਜ਼ੀਨਾਂ ਆਦਿ ਵਿਚ ਅਸ਼ੁੱਧ-ਸ਼ਬਦ ਜੋੜ ਅਤੇ ਸਹੀ ਲਗਾਂ-ਮਾਤਰਾਂ ਦੀ ਅਣਹੋਂਦ ਦੇਖ ਕੇ, ਖੁਦ-ਬ-ਖੁਦ ਮੱਥੇ ‘ਤੇ ਹੱਥ ਮਾਰਨਾ ਪੈਂਦਾ ਹੈ। ਖਾਸ ਕਰਕੇ ਬਿੰਦੀ, ਟਿੱਪੀ, ਅੱਧਕ ਜਾਂ ਪੈਰ-ਬਿੰਦੀ ਦੀ ਵਰਤੋਂ ਦੀ ਬੇਸਮਝੀ ਕਰਨ, ਕੁਝ ਹੋਰ ਹੀ ਚੰਦ ਚਾੜ੍ਹਿਆ ਹੁੰਦਾ ਹੈ। ਕਈ ਵਾਰ ਲਫਜ਼ ਹੁੰਦਾ ਹੈ ‘ਪਦ’ ਪਰ ਇਹਦੇ ਉਤੇ ਅੱਧਕ ਲਾ ਕੇ ਅਕਲ ਦਾ ਜਨਾਜ਼ਾ ਕੱਢਿਆ ਹੁੰਦਾ ਹੈ। ਸ਼ਬਦ ਹੈ ‘ਰਵਾਨੀ’ ਭਾਵ ਵਹਾਓ। ਚੰਗੇ ਚੰਗੇ ਲੇਖਕ ਵੀ ‘ਰਵਾਨੀ’ ਨੂੰ ‘ਰਵਾਨਗੀ’ ਕਹਿੰਦੇ ਸੁਣੀਂਦੇ ਹਨ। ਇਕ ਸਭਾ ਵਿਚ ‘ਜੌਹਰੀ’ ਨੂੰ ‘ਜੁਹਾਰੀ’ ਬੋਲਿਆ ਜਾ ਰਿਹਾ ਸੀ। ਕਿਤੇ ਕਿਤੇ ‘ਠਾਠਾਂ’ ਨੂੰ ‘ਠਾਠਾ’, ਚੌਰ ਨੂੰ ‘ਚੋਰ’, ਚੌਲਾਂ ਨੂੰ ‘ਚੌਲਾ’, ਗਾਲ਼ ਨੂੰ ‘ਗਾਲ’, ਗੱਲ ਨੂੰ ‘ਗਲ’, ਪ੍ਰਸ਼ਾਦ ਨੂੰ ‘ਪ੍ਰਸਾਦ’, ਪੱਤਾ ਨੂੰ ‘ਪਤਾ’ ਬਣਾ ਕੇ ਪੰਜਾਬੀ ਨਾਲ ਵੈਰ ਕਮਾਇਆ ਹੁੰਦਾ ਹੈ।
ਹੋਰ ਤਾਂ ਹੋਰ, ਦੀਵੇ ਥੱਲੇ ਹਨੇਰ ਦੀ ਕਹਾਵਤ ਅਨੁਸਾਰ ਆਪਣੇ ਪੰਜਾਬ ਵਿਚ ਹੀ ਪੰਜਾਬੀ ਦੀ ਹਾਲਤ ਤਰਸਯੋਗ ਹੈ। ਪੰਜਾਬ ਵਿਚ ਕੋਈ ਐਸੀ ‘ਬੱਸ’ ਨਹੀਂ ਹੋਣੀ ਜਿਸ ਵਿਚ ‘ਸਿਗਰਟ ਪੀਣਾ ਮਨ੍ਹਾਂ ਹੈ’ ਨਾ ਲਿਖਿਆ ਹੋਵੇ। ਪਰ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸ਼ਾਇਦ ਹੀ ਕਿਸੇ ਬੱਸ ਵਿਚ ਇਹ ਵਾਕ ਠੀਕ ਲਿਖਿਆ ਹੋਵੇਗਾ! ਕਿਤੇ ਲਿਖਿਆ ਹੁੰਦਾ ਹੈ ‘ਸਿਗਰੇਟ ਪੀਨਾ ਮੰਨਾ ਹੈ’, ਕਿਤੇ ਹੁੰਦਾ ਹੈ- ‘ਸਿਗਰਟ ਪਿਨਾ ਮਨਾ ਹੈ’ ਕੁਝ ਸ਼ੁਕੀਨ-ਛੋਕਰਿਆਂ ਦੇ ਮੋਟਰ-ਸਾਈਕਲਾਂ ਜਾਂ ਕਾਰਾਂ ਪਿਛੇ ਲਿਖੇ ਸਲੋਗਨ ਦੇਖੋ- ਇਕ ਨੇ ਲਿਖਿਆ ‘ਅਗਰੇਜ ਖਗੇ ਸੀ ਤਾ ਟਗੇ ਸੀ’ ਇਹ ‘ਅਣਖੀਲਾ ਗੱਭਰੂ’ ਆਪਣੇ ਚਿਤੋਂ ਕਹਿ ਰਿਹਾ ਹੈ- ‘ਅੰਗਰੇਜ਼ ਖੰਘੇ ਸੀ ਤਾਂ ਟੰਗੇ ਸੀ’
ਦੂਸਰੇ ਨੇ ‘ਪੁਤ ਜਟਾ ਦੇ’ ਲਿਖਣ ਲੱਗਿਆਂ ਨਾ ‘ਪੁਤ’ ਉਤੇ ਅੱਧਕ ਪਾਇਆ, ਨਾ ਹੀ ‘ਜਟਾ’ ਉਪਰ ਅੱਧਕ ਅਤੇ ਟੈਂਕੇ ਦੇ ਕੰਨੇ ਨੂੰ ਬਿੰਦੀ ਲਾਉਣ ਦੀ ਖੇਚਲ ਕੀਤੀ! ਇਕ ਹੋਰ ਦਾ ‘ਕਮਾਲ ਦੇਖੋ’, ਬਾਹਰ ਗਏ ਭਰਾ ਦੇ ਪੈਸਿਆਂ ਨਾਲ ਖਰੀਦੇ ਮੋਟਰ ਸਾਈਕਲ ਪਿਛੇ ਇਹ ਸਲੋਕ ਲਿਖਵਾਇਆ- ‘ਵੀਰਾ ਦੀ ਕੈਸ-ਯਾਰਾਂ ਦੀ ਐਸ’ -ਚੌਹਾਂ ਸ਼ਬਦਾਂ ਵਿਚੋਂ ‘ਬਿੰਦੀਆਂ’ ਗਾਇਬ ਕਰਕੇ ਇਹ ‘ਕਾਕਾ’ ਆਪਣਾ ਜਲੂਸ ਕੱਢੀ ਫਿਰਦੈ!
ਸਾਡੇ ਇਲਾਕੇ ਵਿਚ ਪਿੰਡ ਬੀਰੋਵਾਲ਼ ਦੇ ਬੱਸ ਅੱਡੇ ‘ਤੇ ਇਕ ਡੇਰੇ ਦੀ ਉਤਲੀ ਕੰਧ ਉਪਰ ਮੋਟਾ ਕਰਕੇ ’ਸੋਹੰ’ ਲਿਖਿਆ ਹੋਇਆ ਹੈ। ਮੈਂ ਆਪਣੇ ਇਕ ਗਰੈਜੂਏਟ ਦੋਸਤ ਨੂੰ ਆਖਿਆ ਕਿ ਮੈਂ ਫਲਾਣੇ ਟਾਈਮ ਉਸ ਡੇਰੇ ਅੱਗੇ ਖੜ੍ਹਾ ਹੋਵਾਂਗਾ, ਤੂੰ ਮੈਨੂੰ ਉਥੋਂ ਨਾਲ ਲੈ ਲਵੀਂ। ਉਹ ਬੋਲਿਆ- ‘ਉਹੀ ਡੇਰਾ ਜਿਥੇ ’ਸੌਂਹ’ ਲਿਖਿਆ ਹੋਇਐ?’
ਬੀ.ਏ. ਪਾਸ ਮੁੰਡੇ ਨੂੰ ’ਸੋਹੰ’ ਅਤੇ ’ਸੌਂਹ’ ਦੇ ਫਰਕ ਦਾ ਪਤਾ ਨਹੀਂ! ਕਾਲਜ ਵਿਚ ਦਾਖਲਾ ਲੈਣ ਦੀ ਤਿਆਰੀ ਵਜੋਂ, ਆਪਣੇ ਕੁਝ ਪੇਪਰਾਂ ‘ਤੇ ਸਰਪੰਚ ਦੀ ਮੋਹਰ ਲਗਵਾਉਣ ਵਾਸਤੇ, ਸਾਡੇ ਪਿੰਡ ਦਾ ਇਕ ਪਾੜ੍ਹਾ ਮੇਰੇ ਕੋਲ ਆਇਆ। ਉਸ ਦੇ ਸਕੂਟਰ ਦੀ ਨੰਬਰ ਪਲੇਟ ਵੱਲ ਵੇਖ ਕੇ ਮੈਂ ਉਸ ਨੂੰ ਪੁੱਛਿਆ- ‘ਜੁਆਨਾ, ਆਹ ‘ਮੋਟੀ’ ਕੌਣ ਹੈ? ਕਿਉਂਕਿ ਪਲੇਟ ‘ਤੇ ਲਾਲ ਅੱਖਰਾਂ ਵਿਚ ਇਹ ਸ਼ਬਦ ਲਿਖਿਆ ਹੋਇਆ ਸੀ। ਮੁਸ਼ਕੜੀਂਏ ਹੱਸਦਾ ਹੋਇਆ, ਉਹ ਬੋਲਿਆ- ‘ਨਹੀਂ ਅੰਕਲ, ਮੋਟੀ ਨਹੀਂ ‘ਮੌਂਟੀ’ ਲਿਖਿਆ ਹੋਇਐ!’ ਦਸਵੀਂ ਪਾਸ ਨੂੰ ਮੌਂਟੀ ਵੀ ਨਹੀਂ ਲਿਖਣਾ ਆਉਂਦਾ! …ਮੰਡੀ ਗੋਬਿੰਦਗੜ੍ਹ-ਖੰਨਾ-ਸਮਰਾਲਾ ਇਲਾਕੇ ਵਿਚ ਜਾਓ ਤਾਂ ਆਲੇ-ਦੁਆਲੇ ਪਸ਼ੂਆਂ ਨੂੰ ਖੁਆਈ ਜਾਣ ਵਾਲੀ ‘ਖਲ਼’ ਦੀ ਇਸ਼ਤਿਹਾਰਬਾਜ਼ੀ ਨਾਲ ਕੰਧਾਂ ਭਰੀਆਂ ਦਿਖਾਈ ਦਿੰਦੀਆਂ ਹਨ। ਪਰ ਹਰੇਕ ਥਾਂ ‘ਖਲ਼’ ਨੂੰ ‘ਖੱਲ’ ਹੀ ਲਿਖਿਆ ਹੁੰਦਾ ਹੈ। ਅਜਿਹੀਆਂ ਹਜ਼ਾਰਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਸੁਣ ਕੇ ਦਿਲ ਦੁਖੀ ਹੁੰਦਾ ਹੈ ਕਿ ਪੰਜਾਬ ਵਿਚ ਹੀ ਮਾਂ-ਬੋਲੀ ਦੀ ਏਨੀ ਦੁਰਗਤੀ?
ਬਕੌਲ ਕਵੀ-
ਧਰਤੀ ਵੀ ਸੀ ਅੰਬਰ ਵੀ ਸੀ
ਬੋਹੜ ਦੀ ਸੰਘਣੀ ਛਾਂ
ਆਪਣੇ ਘਰ ਵਿਚ ਬਣੀ ਓਪਰੀ
ਪੰਜ ਪੁੱਤਰਾਂ ਦੀ ਮਾਂ!
ਤਰਲੋਚਨ ਸਿੰਘ ਦੁਪਾਲਪੁਰ