Saturday, September 25, 2010

ਲੱਜ ਧੀਆਂ-ਭੈਣਾਂ ਦੀ ਡੋਬੀ, ਇਹਨਾਂ ਪਿਉਆਂ, ਇਹਨਾਂ ਭਾਈਆਂ !

ਪਹਿਲਾਂ ਤਾਂ ਮੈਂ ਇਹ ਸੋਚ ਕੇ ਦਿਲ ਠੰਢਾ ਕਰ ਲਿਆ ਕਿ ਮਰੀ ਹੋਈ ਜ਼ਮੀਰ ਵਾਲਿਆਂ ਨਾਲ ਮਗਜ਼-ਪਚੀ ਕਰਕੇ ਕਾਹਨੂੰ ਸਮਾਂ ਖਰਾਬ ਕਰਾਂ! ਲੇਕਿਨ ਘਰ ਵੜਦਿਆਂ ਹੀ ਖਾਣੇ ਦੇ ਮੇਜ਼ ਉੱਪਰ ਪਈ ਅਖ਼ਬਾਰ ਦੇ ਇਕ ਕੋਣੇ 'ਤੇ ਛਪੀ ਹੋਈ ਖ਼ਬਰ ਨੇ ਧਿਆਨ ਖਿੱਚ੍ਹ ਲਿਆ। ਪੂਰੀ ਖ਼ਬਰ ਪੜ੍ਹ ਕੇ, ਦੱਬਿਆ ਹੋਇਆ ਵੇਗ ਫਿਰ ਪ੍ਰਚੰਡ ਹੋ ਗਿਆ। ਬੱਸ ਫਿਰ ਕੀ ਸੀ, ਭੁੱਖ ਲੱਗੀ ਹੋਣ ਕਰਕੇ ਰੋਟੀ ਪਹਿਲਾਂ ਖਾਣੀ ਪਈ। ਇਹ 'ਕੰਮ ਨਿਬੇੜ' ਕੇ ਚੁੱਕ ਲਈ ਕਲਮ! ਇਹ ਮਰੀ ਹੋਈ ਜ਼ਮੀਰ ਵਾਲੇ ਕੌਣ ਹੋਏ? ਜਿਨ੍ਹਾਂ ਨੂੰ ਚਿਤਵਦਿਆਂ ਮੈਂ 'ਹੋਊ ਪਰੇ' ਕਹਿ ਕੇ ਖਾਮੋਸ਼ ਰਹਿਣ ਦੀ ਕੋਸ਼ਿਸ਼ ਕੀਤੀ। ਅਖ਼ਬਾਰ ਵਿਚ ਛਪੀ ਕਿਹੜੀ ਖ਼ਬਰ ਨੇ ਕਲਮ ਚੁਕਵਾਈ? ਇਨ੍ਹਾਂ ਸਵਾਲਾਂ ਦੇ ਤਫ਼ਸੀਲ ਨਾਲ ਜਵਾਬ ਦੇਣ ਤੋਂ ਪਹਿਲਾਂ, ਮੈਂ ਇਕ ਬਜ਼ੁਰਗ ਨਾਲ ਜੋੜਿਆ ਜਾਂਦਾ ਲਤੀਫਾ ਪੇਸ਼ ਕਰ ਰਿਹਾ ਹਾਂ। ਜਿਸਨੂੰ ਸ਼ਾਇਦ ਮੇਰੇ ਨਾਲ ਵਾਪਰੇ ਹਾਲਾਤ ਪੈਦਾ ਹੋਣ ਕਾਰਨ ਹੀ ਕੁਝ ਕੁਰਖਤ ਲਫਜ਼ ਬੋਲਣੇ ਪਏ।

ਕਿਸੇ ਪਿੰਡ ਵਿਚ ਗਾਉਣ-ਵਜਾਉਣ ਵਾਲਿਆਂ ਵਲੋਂ ਲਗਾਇਆ ਖੁੱਲ੍ਹਾ ਅਖਾੜਾ ਸਮਾਪਤ ਹੋਇਆ। ਇਕ ਪੇਂਡੂ ਬਾਪੂ ਸਟੇਜ ਦੇ ਨੇੜੇ ਆ ਕੇ ਗਾਇਕ-ਕੁੜੀ ਨੂੰ ਪੁੱਛਣ ਲੱਗਾ- ''ਭਾਈ ਬੀਬਾ, ਤੇਰਾ ਪਿੰਡ ਕਿਹੜਾ ਐ?'' ਕੁੜੀ ਵਲੋਂ ਦੱਸਿਆ ਗਿਆ ਨਾਂ ਸੁਣ ਕੇ, ਪੈਂਦੀ ਸੱਟੇ ਉਸ ਬਜ਼ੁਰਗ ਨੇ ਹਾਰਮੋਨੀਅਮ ਵਜਾਉਣ ਵਾਲੇ ਨੂੰ ਉਸ ਦਾ ਪਿੰਡ ਪੁੱਛਿਆ। ਉਹਦੇ ਪਿੰਡ ਦਾ ਨਾਂ ਕੋਈ ਹੋਰ ਸੁਣ ਕੇ, 'ਹਾਂ' ਦੀ ਮੁਦਰਾ ਵਿਚ ਸਿਰ ਹਿਲਾਉਂਦਿਆਂ ਪੇਂਡੂ ਬੋਲਿਆ- ''ਅੱਛਾ, ਤਾਂ ਹੀ ਮੈਂ ਕਹਿੰਨਾ...।'' ਮੁੜ ਕੇ ਫਿਰ ਬਾਪੂ ਨੇ ਕੁੜੀ ਦੇ ਨਾਲ ਗਾਉਣ ਵਾਲੇ ਮਰਦ-ਕਲਾਕਾਰ ਨੂੰ ਉਸ ਦਾ ਅਤਾ-ਪਤਾ ਪੁੱਛਿਆ। ਜਵਾਬ ਵਿਚ ਕਿਸੇ ਹੋਰ ਪਿੰਡ ਦਾ ਨਾਮ ਸੁਣ ਕੇ ਬਜ਼ੁਰਗ ਪਹਿਲਾਂ ਵਾਂਗ ਹੀ ਕਹਿਣ ਲੱਗਿਆ- ''ਠੀਕ ਐ ਠੀਕ ਐ,-ਤਾਂਹੀਉਂ ਮੈਂ ਕਹਿੰਨਾਂ....!'' ਹੌਲੀ ਹੌਲੀ ਬਾਪੂ, ਗਾਇਕ-ਮੰਡਲੀ 'ਚ ਸ਼ਾਮਲ ਸਾਰੇ ਕਲਾਕਾਰਾਂ ਨੂੰ ਉਨ੍ਹਾਂ ਦੇ ਥਹੁ-ਟਿਕਾਣੇ ਬਾਰੇ ਪੁੱਛੀ ਗਿਆ ਤੇ ਨਾਲ ਨਾਲ 'ਤਾਹੀਉਂ ਮੈਂ ਕਹਿੰਨਾ' ਵਾਲਾ 'ਗੁੱਝਾ-ਵਾਕ' ਉਚਾਰੀ ਗਿਆ।

ਬਜ਼ੁਰਗ ਦੇ ਇਸ ਵਚਿੱਤਰ-ਵਿਵਹਾਰ ਤੋਂ ਖਿਝ ਕੇ ਗਾਇਕ-ਟੋਲੀ ਦਾ ਮੁਖੀ ਅੱਖਾਂ ਕੱਢ ਕੇ, ਉਸਨੂੰ ਪੁੱਛਣ ਲੱਗਾ-

''ਭਾਈਆ, ਤੂੰ ਸਾਡੇ 'ਕੱਲੇ 'ਕੱਲੇ ਦੇ ਪਿੰਡ ਦਾ ਨਾਂ ਸੁਣ ਕੇ 'ਤਾਂਹੀਉਂ ਮੈਂ ਕਹਿੰਨਾਂ' ਵਾਲਾ ਫਿਕਰਾ ਬੋਲੀ ਜਾਨੈਂ। ਹੁਣ ਜ਼ਰਾ ਤੂੰ ਵੀ ਸਾਨੂੰ ਦੱਸ ਦੇ ਕਿ ਤੂੰ ਕੀ ਕਹਿੰਨਾ ਐਂ?'' ਬੜੇ ਇਤਮੀਨਾਨ ਨਾਲ ਮੁੱਛਾਂ ਸੰਵਾਰਦਿਆਂ ਬਾਪੂ ਬੋਲਿਆ- ''ਮੈਂ ਏਹੀ ਕਹਿੰਨਾ ਵਾ ਕਿ ਐਨੇ ਸਾਰੇ ਕੰਜਰ ਇਕੋ ਪਿੰਡ ਦੇ ਤਾਂ ਹੋ ਨਹੀਂ ਸਕਦੇ!''

ਅਖਾੜੇ ਵਿਚ ਪੰਜਾਬੀ ਕਲਾਕਾਰਾਂ ਵਲੋਂ ਸੁਣਾਏ ਗਏ 'ਮੈਟਰ' ਨੂੰ ਸੁਣ ਕੇ, ਜਿਵੇਂ ਪੇਂਡੂ ਭਾਈਏ ਨੂੰ ਕੁਝ ਕੁਸੈਲੇ ਲਫਜ਼ ਬੋਲਣੇ ਪਏ, ਇਸੇ ਤਰ੍ਹਾਂ ਮੈਂ ਵੀ ਆਪਣੇ ਦਿਲ ਦੀ ਵੇਦਨਾ, ਪਾਠਕਾਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਬੀਤੇ 14 ਮਾਰਚ ਵਾਲੇ ਦਿਨ, ਸ਼ਾਮ ਵੇਲੇ ਮੈਂ ਆਪਣੀ ਪਤਨੀ ਨੂੰ ਅਮਰੀਕਾ ਜਾ ਰਹੀ ਫਲਾਈਟ 'ਚ ਬਿਠਾ ਕੇ ਵਾਪਸ ਆਪਣੇ ਪਿੰਡ ਪਰਤ ਰਿਹਾ ਸਾਂ। ਆਪਣੇ ਲਾਗਲੇ ਸ਼ਹਿਰ ਤੋਂ ਲਈ ਹੋਈ ਟੈਕਸੀ ਦੇ ਡਰਾਈਵਰ ਨੇ ਸਵੇਰੇ ਦਿੱਲੀ ਜਾਣ ਵੇਲੇ ਤਾਂ ਸਾਰੀ ਵਾਟ ਸੀ.ਡੀ. ਪਲੇਅਰ ਨੂੰ ਹੱਥ ਨਹੀਂ ਲਾਇਆ ਸੀ। ਪਰ ਵਾਪਸ ਮੁੜਨ ਸਮੇਂ ਦਿੱਲੀਉਂ ਨਿੱਕਲਦਿਆਂ ਹੀ ਉਸਨੇ ਡੈੱਕ ਔਨ ਕਰ ਲਿਆ। ਅਜੋਕੇ ਪੰਜਾਬੀ ਕਲਾਕਾਰ, ਜੋ ਕੁਝ ਅੱਜ ਕਲ 'ਗਾ ਰਹੇ' ਨੇ ਉਸ ਨੂੰ ਸੁਣਨਾ ਮੈਂ ਰਤਾ ਵੀ ਪਸੰਦ ਨਹੀਂ ਕਰਦਾ। ਮਜ਼ਬੂਰੀ-ਵੱਸ ਵਿਆਹ-ਸ਼ਾਦੀਆਂ 'ਤੇ ਜਾ ਕੇ ਵੀ ਮੈਂ, 'ਧੜੱਕ ਧੜੱਕ-ਦੜੂੰ-ਦੜੂੰ' ਤੋਂ ਹਮੇਸ਼ਾਂ ਪਾਸਾ ਵੱਟ ਲੈਂਦਾ ਹੁੰਦਾ ਹਾਂ। ਪਰ ਹੁਣ ਗੱਡੀ ਵਿਚੋਂ ਕਿੱਥੇ ਜਾਂਦਾ? ਕਸੀਸ ਜਿਹੀ ਵੱਟ ਕੇ ਮੈਂ ਡਰਾਈਵਰ ਨੂੰ ਪੁੱਛਿਆ ਕਿ ਜੇ ਸਵੇਰੇ, ਬਿਨਾਂ ਗੀਤ ਵਜਾਇਆਂ ਦਿੱਲੀ ਪਹੁੰਚ ਹੋ ਗਿਆ, ਤਾਂ ਹੁਣ ਮੁੜਦੇ ਸਮੇਂ ਕੀ ਮਜ਼ਬੂਰੀ ਪੈ ਗਈ?

''ਹੁਣ ਰਾਤ ਦਾ ਸਮਾਂ ਹੈ, ਨੀਂਦ ਤੋਂ ਬਚਣ ਲਈ ਇਹ ਜ਼ਰੂਰੀ ਐ!'' ਬੇ-ਪ੍ਰਵਾਹੀ ਜਿਹੀ ਨਾਲ ਡਰਾਈਵਰ ਨੇ ਜਵਾਬ ਦਿੱਤਾ। 'ਸਾਵਧਾਨ ਰਹਿਣ ਲਈ ਤਾਂ ਚਾਹ ਜਾਂ ਕੌਫੀ ਦਾ ਕੱਪ ਵੀ ਲਿਆ ਜਾ ਸਕਦਾ ਹੈ!' ਮੇਰੀ ਇਸ ਬਿਨ-ਮੰਗੀ ਰਾਏ ਨੂੰ ਉਸਨੇ ਅਣ-ਸੁਣੀ ਕਰ ਛੱਡਿਆ।
ਜ਼ਿਆਦਾ ਗੱਲ ਵਧਾਉਣ ਤੋਂ ਮੈਂ ਇਸ ਕਰਕੇ ਗੁਰੇਜ਼ ਕੀਤਾ ਕਿਉਂਕਿ ਇਕ ਦਫਾ ਆਪਣੇ ਦੋਸਤ ਦੀ ਬਰਾਤ ਨਾਲ ਗਏ ਹੋਏ ਦਾ ਮੇਰਾ ਬਰਾਤ ਵਾਲੀ ਬੱਸ ਦੇ ਡਰਾਈਵਰ ਨਾਲ ਇਸੇ ਗਲੋਂ ਪੰਗਾ ਪੈ ਗਿਆ ਸੀ। ਮੈਂ ਉਸਦਾ ਡੈੱਕ ਬੰਦ ਕਰਵਾ ਦਿੱਤਾ ਸੀ ਤਾਂ ਉਸਨੇ ਜ਼ਿਦ ਨਾਲ, ਬੱਸ ਬੈਕ ਕਰਨ ਲੱਗਿਆਂ, ਜਾਣ-ਬੁੱਝ ਕੇ ਪਿੰਡ ਦੇ ਢੇਰਾਂ 'ਚ ਫਸਾ ਲਈ। 'ਤੂੰ-ਤੂੰ ਮੈਂ ਮੈਂ' ਤੱਕ ਗੱਲ ਪਹੁੰਚ ਗਈ ਸੀ ਉਦੋਂ।

ਇਸ ਪੁਰਾਣੇ ਵਾਕਿਆ ਨੂੰ ਚੇਤੇ ਕਰਕੇ ਮੈਂ ਮਾਯੂਸ ਜਿਹਾ ਹੁੰਦਿਆਂ, ਡਰਾਈਵਰ ਨੂੰ ਅਵਾਜ਼ ਘੱਟ ਕਰਨ ਲਈ ਕਿਹਾ। ਮੇਰੇ ਆਖੇ ਤੋਂ ਉਸਨੇ ਸਟੀਰੀਉ ਨਾਲ ਹੱਥ-ਛੁਆਈ ਜਿਹੀ ਤਾਂ ਕਰ ਦਿੱਤੀ, ਪਰ ਅਵਾਜ਼ ਨੂੰ ਉੱਨੀਂ-ਇੱਕੀ ਦਾ ਫਰਕ ਵੀ ਨਹੀਂ ਪਿਆ।

'ਹੱਦ ਹੋ ਗਈ ਆਹ ਤਾਂ! ਕਿਰਾਏ 'ਤੇ ਲਈ ਹੋਈ ਟੈਕਸੀ ਦਾ ਡਰਾਈਵਰ ਵੀ ਸਾਡੇ ਲਈ 'ਮੁਸ਼ੱਰਫ' ਬਣਿਆ ਬੈਠਾ ਸੀ।' ਇਹ ਗੱਲ ਸੋਚਦਿਆਂ ਮੈਨੂੰ ਕੈਲੇਫੋਰਨੀਆ ਵਿਚ ਟੈਕਸੀਆਂ ਚਲਾਉਂਦੇ ਆਪਣੇ ਪੰਜਾਬੀ ਭਰਾ ਯਾਦ ਆ ਗਏ। ਜਿਹੜੇ ਗੱਡੀ ਚਲਾਉਂਦੇ ਵਕਤ ਕਿਸੇ ਸੱਜਣ-ਮਿੱਤਰ ਦਾ ਫੋਨ ਆਉਣ 'ਤੇ ਧੀਮੀ ਸੁਰ ਵਿਚ ਇੰਜ ਕਹਿੰਦੇ ਹੁੰਦੇ ਨੇ- ''ਯਾਰਾ, ਪਿੱਛੇ ਗੋਰਾ ਬੈਠਾ ਐ, ਠਹਿਰ ਕੇ ਕਾਲ ਕਰੀਂ ਜ਼ਰਾ!''

ਆਖਰ ਮੈਂ ਇਹ ਸੋਚਦਿਆਂ 'ਭਾਣਾ ਮੰਨ' ਲਿਆ ਕਿ ਸ਼ਾਇਦ ਇਹ ਕੋਈ ਸੁਣਨਯੋਗ ਗਾਣੇ ਵੀ ਲਾਏਗਾ ਹੀ। ਲੇਕਿਨ ਮੇਰੀ 'ਆਸ' ਨੂੰ ਆਪਣੇ ਪਿੰਡ ਦੁਪਾਲਪੁਰ ਪਹੁੰਚਣ ਤੱਕ ਵੀ ਬੂਰ ਨਾ ਪਿਆ! ਤੀਸਰੇ ਗੁਰੂ ਸਾਹਿਬ ਨੇ ਤਾਂ ਰਾਮਕਲੀ ਅਨੰਦ ਵਿਚ ਕੰਨਾਂ ਨੂੰ ਸੰਬੋਧਨ ਹੁੰਦਿਆਂ 'ਏ ਸ੍ਰਵਣਹੁ ਮੇਰਿਹੋ' ਆਖਦਿਆਂ ਫੁਰਮਾਇਆ ਹੋਇਐ- '...ਸਾਚੈ ਸੁਨਣੇ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ।' ਪਰ ਅੱਜ ਮੈਨੂੰ ਕਿਸੇ ਸਤਿਬਾਣੀ ਦੀ ਜਗਾਹ 'ਮਿਸ ਪੂਜਾ' ਦੀ ਬਕਵਾਸ ਸੁਣਨੀ ਪੈ ਰਹੀ ਸੀ।

ਨਾਕੀ ਅਵਾਜ਼ ਦੀ ਮਾਲਕ ਇਸ ਗਾਇਕ-ਕੁੜੀ ਉੱਤੇ ਕੁਦਰਤ ਨੇ ਅਪਾਰ-ਬਖਸ਼ਿਸ਼ ਕੀਤੀ ਹੋਈ ਹੈ! ਦਿਲਾਂ ਨੂੰ ਧੂਹ ਪਾਉਣ ਵਾਲੀ ਅਵਾਜ਼, ਮਾਨੋ ਸੋਨੇ ਦਾ ਭਾਂਡਾ!! ਪਰ ਇਸ ਸੋਨੇ ਦੇ ਕੀਮਤੀ ਭਾਂਡੇ ਵਿਚ ਮਿਸ ਪੂਜਾ ਨੇ ਪਾਇਆ ਹੋਇਐ ਮਨੁੱਖੀ ਗੰਦ-ਮੰਦ!!!....ਕਹਿਰਾਂ ਦੀ ਬਦਬੂ, ਸੜ੍ਹਿਆਂਦ ਮਾਰਦਾ ਮਲ-ਮੂਤਰ ਜਿਸਨੇ ਸੁਨਹਿਰੀ ਧਾਤ ਨੂੰ ਵੀ ਕੱਚਾ ਠੀਕਰ ਬਣਾ ਛੱਡਿਆ ਹੋਇਐ। ਜਿਹੜੇ ਬੇ-ਹੱਦ ਇਖਲਾਕ ਹੀਣੇ, ਨਿਸੰਗ ਅਤੇ ਕਾਮ-ਭੜਕਾਊ ਫਿਕਰੇ, ਇਹ ਗਾਇਕ ਕੁੜੀ ਗਾਉਂਦੀ ਹੈ, ਜੇ ਇਹ ਸਾਰਾ ਕੁਝ ਪੰਜਾਬੀ ਸਭਿਆਚਾਰ ਦੇ ਦਾਇਰੇ ਵਿਚ ਆਉਂਦਾ ਹੈ, ਤਾਂ ਸਾਨੂੰ ਹਰੇਕ ਪੰਜਾਬੀ ਨੂੰ ਇਕ ਇਕ ਚੱਪਣੀ ਤੇ ਚੁਲੂ ਭਰ ਪਾਣੀ ਦਾ ਪ੍ਰਬੰਧ ਛੇਤੀ ਛੇਤੀ ਕਰ ਲੈਣਾ ਚਾਹੀਦੈ!

ਮਿਸ ਪੂਜਾ ਦੇ ਇਨ੍ਹਾਂ ਗੀਤਾਂ ਵਿਚ ਮਰਦ-ਕਲਾਕਾਰ ਐਨੇ ਫੁਕਰਾ ਸਟਾਈਲ ਨਾਲ ਫੂਹੜ ਕਿਸਮ ਦੇ ਲਫਜ਼ ਬੋਲਦਾ ਹੈ, ਜਿਨ੍ਹਾਂ ਨੂੰ ਸੁਣ ਕੇ, ਸਾਡੀ ਪੰਜਾਬੀ ਜ਼ੁਬਾਨ ਨੂੰ 'ਗੰਵਾਰਾਂ ਦੀ ਭਾਸ਼ਾ' ਕਹਿਣ ਵਾਲੇ ਬਿਲਕੁਲ ਸੱਚ ਬੋਲਦੇ ਪ੍ਰਤੀਤ ਹੁੰਦੇ ਹਨ। ਇਹ ਗਾਇਕਾ ਵੀ ਅਸ਼ਲੀਲ ਤੇ ਭੜਕੀਲੇ ਲਫਜ਼ਾਂ ਨੂੰ ਚਿੱਥ-ਚਿੱਥ ਕੇ, ਭੂਸਰ ਭੂਸਰ ਕੇ, ਦੰਦੀਆਂ ਕਰੀਚ ਕਰੀਚ ਕੇ ਅਤੇ ਸ਼ਰਮ-ਹਯਾ ਨੂੰ ਸੱਤਵੇਂ ਅਕਾਸ਼ 'ਤੇ ਟੰਗਦਿਆਂ ਹੋਇਆਂ 'ਉਚਾਰਦੀ' ਹੈ। ਮਜ਼ਬੂਰੀ-ਵਸ ਸੁਣੇ ਇਨਾਂ ਬੋਲਾਂ ਦਾ ਵਿਸਥਾਰ ਲਿਖ ਕੇ ਮੈਂ ਆਪਣੇ ਪਾਠਕਾਂ ਦੀ ਨਜ਼ਰ ਵਿਚ 'ਬੇ-ਹਯਾ ਲੇਖਕ' ਨਹੀਂ ਬਣਨਾ ਚਾਹੁੰਦਾ। ਪਰ ਵਿਸ਼ੇ ਦੀ ਲੋੜ ਨੂੰ ਮੁੱਖ ਰੱਖ ਕੇ ਕੁੱਝ ਵੰਨਗੀਆਂ ਪੇਸ਼ ਕਰਨੀਆਂ ਜ਼ਰੂਰੀ ਸਮਝਦਾ ਹਾਂ।

ਬਤੌਰ ਮਾਸ਼ੂਕ, ਆਪਣੇ ਆਸ਼ਕ ਨੂੰ ਮਿਸ ਪੂਜਾ ਹਿੱਕ ਥਾਪੜ ਕੇ ਕਹਿੰਦੀ ਹੈ ਕਿ ਕਾਲਜ ਜਾਣ ਦੇ ਬਹਾਨੇ ਨਾਲ ਆਪਣੇ ਮਾਂ-ਬਾਪ ਨੂੰ ਬੁੱਧੂ ਬਣਾਉਂਦਿਆਂ, ਮੈਂ ਤੇਰੇ ਨਾਲ ਜਾਣ ਲਈ, ਅੱਠ ਵੱਜ ਕੇ ਪੱਚੀ ਮਿੰਟ 'ਤੇ ਬੱਸ ਅੱਡੇ ਜ਼ਰੂਰ-ਬਰ-ਜ਼ਰੂਰ ਪਹੁੰਚ ਜਾਵਾਂਗੀ। ਇਕ ਹੋਰ ਗੀਤ ਵਿਚ ਪੂਜਾ ਜੀ ਆਪਣੇ ਆਸ਼ਕਾਂ ਨੂੰ ਮਿਹਣਾ ਮਾਰਦੀ ਹੈ ਕਿ ਹੁਣ ਤੁਸੀਂ ਮੇਰੇ ਪਿੱਛੇ ਪਿੱਛੇ ਮੋਟਰ ਸਾਈਕਲਾਂ 'ਤੇ ਗੇੜੇ ਕਿਉਂ ਨਹੀਂ ਮਾਰਦੇ? ਕੀ ਹੁਣ ਪੈਟਰੋਲ ਮਹਿੰਗਾ ਹੋ ਗਿਆ ਏ? ਅਗਲੇ ਗੀਤ ਵਿਚ ਹੁੱਬ-ਹੁੱਬ ਕੇ ਗਾਉਂਦੀ ਹੈ ਕਿ ਆਪਣੇ ਭਰਾਵਾਂ-ਭੈਣਾਂ ਦੀ ਨਜ਼ਰ ਵਿਚ ਮੈਂ ਅੱਧੀ ਅੱਧੀ ਰਾਤ ਤੱਕ ਪੜ੍ਹਾਈ ਕਰਦੀ ਹਾਂ, ਪਰ ਅਸਲ ਵਿਚ ਮੈਂ ਆਪਦੇ ਯਾਰ ਬੇਲੀਆਂ ਨੂੰ 'ਐਸ.ਐਮ.ਐਸ.' ਰਾਹੀਂ ਪਿਆਰ ਸੁਨੇਹੇ ਭੇਜਦੀ ਹਾਂ। ਇਕ ਉੱਖਲ ਜਿਹਾ ਗਾਇਕ ਮਿਸ ਪੂਜਾ ਨੂੰ ਤਰਲਾ ਕਰਕੇ ਕਹਿੰਦਾ ਏ ਕਿ ਭਾਬੀ ਮੇਰਾ ਜੀ ਕਰਦੈ ਕਿ ਕੋਈ ਕੁੜੀ ਮੈਨੂੰ ਤੇਰੇ ਵਾਂਗ 'ਜੀ ਜੀ' ਆਖੇ। ਗਾਇਕਾ ਜੀ ਅੱਗਿਉਂ ਕਹਿੰਦੇ ਨੇ ਕਿ ਤੈਥੋਂ ਸੁਰਖੀਆਂ ਬਿੰਦੀਆਂ ਨਹੀਂ ਢੋ ਹੋਣੀਆਂ! ਯਾਨੀ ਮਿਸ ਪੂਜਾ ਤੇ ਉਸ ਦੇ ਗਾਇਕ-ਸਾਥੀਆਂ ਮੁਤਾਬਿਕ ਪੰਜਾਬ ਦੇ ਸਮੂਹ ਵਿਦਿਅਕ ਅਦਾਰੇ 'ਇਸ਼ਕ-ਮੁਸ਼ਕ ਦੇ ਅੱਡੇ' ਹੀ ਹਨ।

ਐਹੋ ਜਿਹਾ ਕੁਫਰ ਸੁਣ ਕੇ ਯਕੀਨ ਹੀ ਨਹੀਂ ਆਉਂਦਾ ਕਿ ਇਸ ਗਾਇਕ-ਕੁੜੀ ਦੇ ਮਾਂ-ਬਾਪ ਜਾਂ ਭੈਣ-ਭਰਾ ਪੰਜਾਬ ਦੀ ਧਰਤੀ ਦੇ ਹੀ ਵਾਸੀ ਹੋਣਗੇ? ਕੀ ਉਹ ਨਹੀਂ ਜਾਣਦੇ ਹੋਣਗੇ ਕਿ ਉਨ੍ਹਾਂ ਦੀ ਲਾਡਲੀ ਧੀ ਜਾਂ ਭੈਣ ਕਿਹੋ ਜਿਹਾ ਮਸਾਲਾ ਲੋਕਾਂ ਅੱਗੇ ਪਰੋਸ ਰਹੀ ਹੈ!!

ਨਾਨਕ ਦੀ ਧਰਤੀ ਦੇ ਵਾਸੀ, ਜਾਪੇ ਸ਼ਰਮ ਘੋਲ ਕੇ ਪੀਤੀ।
ਧਰਮ ਅਤੇ ਆਚਾਰ ਤੋਂ ਡਿਗ ਕੇ, ਹਾਏ ! ਕੁਟਲ ਅਪਣਾਈ ਨੀਤੀ।

ਜਿਵੇਂ ਅਚਲ ਬਟਾਲੇ ਦੇ ਮੇਲੇ ਵਿਚ ਰਿੱਧੀਆਂ-ਸਿੱਧੀਆਂ ਦਿਖਲਾ ਰਹੇ ਭੰਗਰ ਨਾਥ ਜੋਗੀ ਨੂੰ ਲਾਹਣਤ ਪਾਉਂਦਿਆਂ ਬਾਬਾ ਗੁਰੂ ਨਾਨਕ ਜੀ ਨੇ- 'ਬਾਬਾ ਆਖੇ ਭੰਗਰ ਨਾਥ ਤੇਰੀ ਮਾਉਂ ਕੁਚੱਜੀ ਆਹੀ' ਰਾਹੀਂ ਲਲਕਾਰਿਆ ਸੀ। ਇਵੇਂ ਵਰਤਮਾਨ ਮੁੰਡੇ ਕੁੜੀਆਂ ਨੂੰ ਲੱਚਰਤਾ ਅਤੇ ਇਖਲਾਕ-ਹੀਣਤਾ ਦਾ ਸਬਕ ਪੜ੍ਹਾ ਰਹੇ ਇਨ੍ਹਾਂ ਗਾਇਕ-ਕੁੜੀਆਂ ਦੇ ਮਾਂ-ਬਾਪ ਅਤੇ ਭੈਣ-ਭਰਾਵਾਂ ਦੀ ਜ਼ਮੀਰ ਨੂੰ ਝੰਜੋੜਨਾ ਬਣਦਾ ਹੈ-
ਧੀਆਂ ਵਾਲਿਉ, ਭੈਣਾਂ ਵਾਲਿਉ, ਧੀ-ਭੈਣ ਦੀ ਲਾਜ ਬਚਾਵੋ!

ਮੈਨੂੰ ਯਾਦ ਆਉਂਦਾ ਹੈ, ਮਾਛੀਵਾੜੇ ਗੁਰਦੁਆਰੇ ਦਾ ਇਤਿਹਾਸਕ ਜੋੜ ਮੇਲਾ, ਜਿੱਥੇ ਗੁਰੂ-ਮਹਾਰਾਜ ਦੀ ਹਜੂਰੀ 'ਚ ਸਿੱਖ ਇਤਿਹਾਸ ਸੁਣਾ ਰਹੀਆਂ 'ਨਾਭੇ ਵਾਲੀਆਂ ਬੀਬੀਆਂ' ਦਾ ਬਾਪ, ਰਾਈਫਲ ਨਾਲ ਲੈਸ ਹੋ ਕੇ ਆਪਣੀਆਂ ਧੀਆਂ ਦੇ ਕੋਲ ਖੜ੍ਹਾ ਹੁੰਦਾ ਸੀ। ਹਾਲਾਂਕਿ ਉਹ ਧਾਰਮਿਕ ਦੀਵਾਨਾਂ ਵਿਚ ਹੀ ਹਾਜਰੀ ਭਰਦੀਆਂ ਹੁੰਦੀਆਂ ਸਨ। ਪ੍ਰਸਿੱਧ ਫਿਲਮੀ ਗਾਇਕਾ ਲਤਾ ਮੰਗੇਸ਼ਕਰ ਨੇ ਇਕ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ਜਦੋਂ ਉਸ ਨੂੰ 'ਮੈਂ ਕਿਆ ਕਰੂੰ ਰਾਮ ਮੁਝੇ ਬੁੱਢਾ ਮਿਲ ਗਿਆ' ਵਾਲਾ ਗੀਤ ਗਾਉਣ ਦੀ ਪੇਸ਼ਕਸ਼ ਹੋਈ ਸੀ, ਤਾਂ ਉਸ ਦੇ (ਲਤਾ ਦੇ) ਪਿਉ ਨੇ ਮਨ੍ਹਾ ਕਰ ਦਿੱਤਾ ਸੀ ਕਿ ਇਹ ਭੱਦੀ ਸ਼ਬਦਾਵਲੀ ਵਾਲਾ ਗੀਤ ਹੈ। ਇਸੇ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਨੂੰ ਇੰਟਰਵਿਊ ਦਿੰਦੇ ਹੋਏ ਆਈ.ਸੀ. ਨੰਦਾ ਨੇ 'ਲੋਰ' ਵਿਚ ਆ ਕੇ, ਆਪਣੀ ਪਤਨੀ ਨਾਲ ਸਬੰਧਿਤ ਕੁਝ 'ਰੁਮਾਂਟਿਕ ਗੱਲਾਂ' ਦਾ ਜ਼ਿਕਰ ਕਰ ਦਿੱਤਾ। ਪਰ ਕੁਝ ਦਿਨਾਂ ਮਗਰੋਂ ਨੰਦਾ ਜੀ ਨੇ ਅੰਮ੍ਰਿਤਾ ਪ੍ਰੀਤਮ ਨੂੰ, ਉਹ ਇੰਟਰਵਿਊ ਕਿਸੇ ਅਖ਼ਬਾਰ-ਰਸਾਲੇ ਵਿਚ ਛਾਪਣ ਤੋਂ ਸਖ਼ਤੀ ਨਾਲ ਵਰਜ ਦਿੱਤਾ। ਕਾਰਨ ਇਹ ਦੱਸਿਆ, ਅਖੇ ਮੇਰੀ ਪਤਨੀ ਦਾ ਚਾਚਾ ਹਾਲੇ 'ਜਿਊਂਦਾ' ਹੈ!

ਹੁਣ ਮਿਸ ਪੂਜਾ ਵਾਂਗ ਲੱਚਰ ਗਾਇਕੀ ਦੇ ਗੰਦੇ ਪਿੜ ਵਿਚ ਨੌਜਵਾਨ ਪੀੜ੍ਹੀ ਨੂੰ ਘੜੀਸ ਕੇ ਖੱਜਲ-ਖੁਆਰ ਕਰਨ ਡਹੀਆਂ ਗਾਇਕ-ਕੁੜੀਆਂ ਦੇ ਪਿਉਆਂ, ਮਾਵਾਂ ਅਤੇ ਭਰਾਵਾਂ ਅੱਗੇ ਵਾਸਤੇ ਪਾਉਣ ਨੂੰ ਜੀਅ ਕਰਦੈ। ਕੀ ਅਜਿਹੇ 'ਬਾਬਲ' ਫਿਲਮੀ ਗਾਇਕਾ ਲਤਾ ਦੇ ਪਿਉ ਵਲੋਂ ਆਪਣੀ ਧੀ ਨੂੰ ਵਰਜਣ ਅਤੇ ਆਈ.ਸੀ. ਨੰਦਾ ਦੀ ਘਰ ਵਾਲੀ ਦੇ 'ਜਿਊਂਦੇ ਚਾਚੇ' ਪਾਸੋਂ ਕੁਝ ਅਣਖ ਦੀ ਚਿਣਗ ਉਧਾਰੀ ਲੈਣ ਦੀ ਕੋਸ਼ਿਸ਼ ਕਰਨਗੇ? ਕੀ ਐਸੇ ਪਿਉਂ, ਭਰਾ 'ਹਾਮੀ' ਕਵੀ ਵਾਂਗ ਸੋਚਣਗੇ?-

ਹਾਏ! ਇਹ ਕੰਜਕ ਪਤਵੰਤੀ, ਔਝੜ ਦੀ ਪਗਡੰਡੀ ਉੱਤੇ
ਮੂੰਹ ਤੋਂ ਲਾਹ ਕੇ ਸ਼ਰਮ ਦਾ ਬੁਰਕਾ, ਸਿਰ ਨੂੰ ਉੱਚਾ ਕਰਕੇ ਤੁਰਦੀ!

ਪਿੰਡ ਪਹੁੰਚ ਮਿੱਸ ਪੂਜਾ ਦੀ ਨਿਰਲੱਜ-ਗਾਇਕੀ ਤੋਂ ਛੁਟਕਾਰਾ ਪਾਇਆ। ਮੈਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਸਬਰ ਦੇ ਘੁੱਟ ਭਰ ਲਏ ਸਨ, ਪ੍ਰੰਤੂ ਘਰ ਵੜਦਿਆਂ ਟੇਬਲ 'ਤੇ 14 ਮਾਰਚ 2009 ਦੇ ਪਏ 'ਰੋਜ਼ਾਨਾ ਸਪੋਕਸਮੈਨ' ਦੇ ਸਫਾ ਨੰਬਰ ਤਿੰਨ ਨੇ ਧਿਆਨ ਖਿੱਚਿਆ।

ਖੂੰਜੇ ਵਿਚ 'ਅੰਬੇਦਕਰ ਸੈਨਾ ਪੰਜਾਬ' ਦੇ ਪ੍ਰਧਾਨ ਅੰਮ੍ਰਿਤਪਾਲ ਭੌਂਸਲੇ ਦੇ ਹਵਾਲੇ ਨਾਲ ਲਿਖਿਆ ਹੋਇਆ ਸੀ- 'ਕਈ ਕਲਾਕਾਰ ਪੰਜਾਬੀ ਸਭਿਆਚਾਰ ਨੂੰ ਮਾਰ ਰਹੇ ਨੇ'- ਇਸ ਖ਼ਬਰ ਨੂੰ ਤਫਸੀਲ ਨਾਲ ਪੜ੍ਹਦਿਆਂ ਜਦ ਮੈਂ ਇਹ ਸਤਰ ਪੜ੍ਹੀ- 'ਪੰਜਾਬੀ ਸਭਿਆਚਾਰ ਦਾ ਬੇੜਾ ਗਰਕ ਕਰਨ ਵਾਲਿਆਂ ਦਾ ਪਹਿਲਾਂ ਹੀ ਘਾਟਾ ਨਹੀਂ ਸੀ, ਉੱਤੋਂ ਮਿਸ ਪੂਜਾ ਨੇ ਸਾਰੇ ਰਿਕਾਰਡ ਤੋੜ ਕੇ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਭੈਣ-ਭਰਾ ਦਾ ਇਕੱਠੇ ਘਰੋਂ ਨਿਕਲਣਾ ਬੰਦ ਹੋ ਗਿਆ ਹੈ।' ਤਾਂ ਮੇਰਾ ਵੀ ਸਬਰ ਦਾ ਬੰਨ੍ਹ ਟੁੱਟ ਗਿਆ! ਸਦਾਚਾਰ ਲਈ ਖਤਰਾ ਬਣੇ ਹੋਏ ਗਾਇਕ ਮੁੰਡੇ-ਕੁੜੀਆਂ ਨੂੰ ਸਿੱਧੇ ਰਾਹ ਲਿਆਉਣ ਲਈ, ਉਨ੍ਹਾਂ ਦੇ ਮਾਂ-ਬਾਪ ਨੂੰ ਹਲੂਣਾ ਦੇਣਾ ਚਾਹੀਦੈ-
ਲੱਜ ਧੀਆਂ-ਭੈਣਾਂ ਦੀ ਡੋਬੀ, ਇਹਨਾਂ ਪਿਉਆਂ, ਇਹਨਾਂ ਭਾਈਆਂ!
*****
ਤਰਲੋਚਨ ਸਿੰਘ ਦੁਪਾਲਪੁਰ