Saturday, September 25, 2010

ਸੌ ਸੌ ਧ੍ਰਿਗਕਾਰ!... ਜਿਨ੍ਹਾਂ ਈਨ ਮੰਨ ਲਈ!!

'ਪਿਤਾ ਜੀ ਹੁਣ ਬਾਦਸ਼ਾਹ ਦੀ ਈਨ ਮੰਨ ਲਓ! ਤ੍ਰਿਪ-ਤ੍ਰਿਪ ਹੰਝੂ ਕੇਰ ਰਹੀ ਆਪਣੀ ਭੁੱਖੀ, ਪਿਆਸੀ ਲਾਲਚ ਬਾਲੜੀ ਮੂੰਹੋਂ ਇਹ ਵਾਕ ਸੁਣਦਿਆਂ ਸਾਰ ਪਿਓ ਲਾਲ ਸੂਹੀਆਂ ਅੱਖਾਂ ਕਰਕੇ ਆਪਣੀ ਪਤਨੀ ਤੇ ਤਲਵਾਰ ਸੂਤਦਿਆਂ ਕੜਕ ਕ ਪੁੱਛਦਾ ਹੈ, ਸੱਚੋ ਸੱਚ ਦੱਸ ਇਹ ਤੁਖਮ ਕਿਸ ਦਾ ਹੈ? ਜੇ ਇਸਦੀਆਂ ਰਗਾਂ ਵਿਚ ਮੇਰਾ ਖੂਨ ਹੁੰਦਾ, ਤਾਂ ਏਡਾ ਗਲੀਚ, ਈਨ ਮੰਨਣ ਦਾ ਸ਼ਬਦ ਇਹਦੇ ਮੂੰਹੋਂ ਨਿਕਲਣਾ ਤਾਂ ਕਿਤੇ ਰਿਹਾ, ਇਹ ਆਪਣੇ ਖਿਆਲ 'ਚ ਵੀ ਨਾ ਲਿਆਉਂਦੀ!
ਪਤਾ ਜੇ ਇਹ ਧੀ, ਪਿਓ ਤੇ ਪਤਨੀ ਕੌਣ ਸਨ? ਇਹ ਸਨ ਅਣਖ ਤੇ ਗੈਰਤ ਦਾ ਮੁਜੱਸਮਾ ਮਹਾਰਾਣੀ ਪ੍ਰਤਾਪ, ਉਸਦੀ ਰਾਣੀ ਅਤੇ ਮਾਸੂਮ ਬੇਟੀ ਜੋ ਅਕਬਰ ਦੇ ਸਤਾਏ ਹੋਏ ਆਪਣੀ ਪਿਤਾ ਪੁਰਖੀ ਰਿਆਸਤ ਤੋਂ ਦਰ-ਬ-ਦਰ ਹੋ ਕੇ ਜੰਗਲਾਂ ਵਿਚ ਵਕਤ ਗੁਜ਼ਾਰ ਰਹੇ ਸਨ। ਰਾਜਪੂਤਾਨੇ ਦੇ ਬਹੁਤੇ 'ਰਾਣਿਆਂ' ਨੇ ਤਾਂ ਬਾਦਸ਼ਾਹ ਅਕਬਰ ਅੱਗੇ ਝੁਕਦਿਆਂ ਉਸਦੀ ਗੁਲਾਮੀ ਕਬੂਲ ਲਈ ਸੀ। ਉਸਨੂੰ ਧੀਆਂ-ਭੈਣਾਂ ਦੇ ਡੋਲੇ ਦੇ ਦਿੱਤੇ ਸਨ। ਪਰ ਇਹ ਮਹਾਰਾਣਾ ਪ੍ਰਤਾਪ, ਜੈਮਲ ਫੱਤੇ ਵਰਗੇ ਅਣਖੀਲੇ ਮਰਦ-ਮੁਜ਼ਾਹਿਦਾਂ ਦੇ ਪੈਰ-ਚਿੰਨਾਂ ਤੇ ਚੱਲਦਾ ਹੋਇਆ, ਆਪਣੀ ਖਾਨਦਾਰੀ ਵਿਰਾਸਤ ਨੂੰ ਜਿਊਂਦੀ ਰੱਖਣ ਲਈ, ਸਿਰ ਧੜ ਦੀ ਬਾਜ਼ੀ ਲਾਉਣ ਲਈ ਕਾਹਲਾ ਪਿਆ ਹੋਇਆ ਸੀ।

ਸਵੈਮਾਣ ਦੀ ਕਲਗੀ ਅਝੁਕ ਰੱਖਣ ਹਿਤ ਇਹ ਮਹਾਰਾਣਾ, ਆਪਣੇ ਟੱਬਰ ਸਮੇਤ ਜੰਗਲ ਬੀਆਬਾਨ ਵਿਚ ਕਿਤੇ ਗੁਪਤ ਟਿਕਾਣਾ ਬਣਾਈ ਬੈਠਾ ਸੀ। ਰਾਣਾ ਤੇ ਰਾਣੀ ਤਾਂ ਜਿਵੇਂ ਕਿਵੇਂ ਭੁੱਖਣ-ਭਾਣੇ ਸਮਾਂ ਕੱਢ ਰਹੇ ਸਨ, ਪਰ ਇਕ ਦਿਨ ਅੰਙਾਣ ਬੱਚੀ ਭੁੱਖ ਨਾਲ ਹਾਲੋ ਬੇਹਾਲ ਹੋਈ ਕੁੱਝ ਖਾਣ ਦੀ ਜ਼ਿਦ ਕਰਨ ਲੱਗੀ। ਮਮਤਾ ਦੀ ਮਾਰੀ ਰਾਣੀ ਨੇ ਓਹੜ-ਪੋਹੜ ਕਰਕੇ ਬਾਜਰੇ ਦਾ ਇਕ ਟੁੱਕ ਬਣਾਇਆ ਅਤੇ ਕੱਚਾ-ਭੁੰਨਾ ਜਿਹਾ ਕਰਕੇ, ਵਿਲਕਦੀ ਧੀ ਦੇ ਹੱਥ ਤੇ ਧਰਿਆ। ਪਰ ਹਾਏ ਰੀ ਕਿਸਮਤ! ਇਸ ਤੋਂ ਪਹਿਲਾਂ ਕਿ ਬਾਜਰੇ ਦੀ ਖੁਸ਼ਕ ਰੋਟੀ ਨੂੰ ਕੁੜੀ ਮੂੰਹ ਤੱਕ ਲਿਜਾਂਦੀ, ਕੋਈ ਜੰਗਲੀ ਜਨੌਰ, ਝਪਟ ਮਾਰ ਕੇ ਉਸਦੇ ਹੱਥੋਂ ਟੁਕੜਾ ਖੋਹ ਕੇ ਲੈ ਗਿਆ!
ਸਰਬ ਕਾਇਨਾਤ ਦੇ ਰਿਜ਼ਕ ਦਾਤੇ ਭਗਵਾਨ ਨੂੰ ਵੀ ਕਰੂਪੇ ਹੋਇਆ ਜਾਣ ਕੇ, ਕੁਰਲਾਉਂਦਿਆਂ ਹੋਇਆਂ ਬੇਟੀ ਨੇ ਬਾਪੂ ਨੂੰ 'ਈਨ ਮੰਨ ਲੈਣ' ਦੀ ਸਲਾਹ ਦਿੱਤੀ ਸੀ। ਲੇਕਿਨ ਜਦੋਂ ਮਹਾਰਾਣੇ ਪ੍ਰਤਾਪ ਨੇ ਆਪਣੀ ਪਤਨੀ ਤੇ ਪ੍ਰਤੀ-ਬ੍ਰਤਾ ਧਰਮ ਨੂੰ ਵੰਗਾਰਦਿਆਂ ਆਪਣੀ ਔਲਾਦ ਨੂੰ ਤੁਖਮ ਪੁੱਛਿਆ ਤਾਂ ਉਹ ਸਤਵੰਤੀ ਨਾਰੀ ਹੱਥ ਜੋੜ ਕੇ ਬੜੀ ਅਧੀਨਗੀ ਨਾਲ, ਧੀ ਦੇ ਮੂੰਹੋਂ ਨਿਕਲੇ 'ਕਾਇਰ ਲਫਜ਼ਾਂ' ਦੀ ਹਕੀਕਤ ਬਿਆਨਦੀ ਕਹਿੰਦੀ-
ਪ੍ਰਾਣ ਸੁਆਮੀ, ਮੈਂ ਜਿਊਂਦੀ ਗਰਕ ਜਾਵਾਂ ਜੇ ਮੈਂ ਆਪਣਾ ਧਰਮ ਤੋੜਿਆ ਹੋਵੇ! ਇਹ ਧੀ, ਤੁਹਾਡਾ ਆਪਣਾ ਖੂਨ ਹੀ ਹੈ। ਪਰ ਇਸਦੀ ਪਾਲਣਾ ਪੋਸ਼ਣਾ ਦੌਰਾਨ, ਮੈਥੋਂ ਇਕ ਕੁਤਾਹੀ ਹੋ ਗਈ ਸੀ। ਉਹ ਇਹ ਕਿ ਜਦੋਂ ਇਹ ਦੁੱਧ ਚੁੰਘਦੀ ਸੀ, ਮੈਂ ਇਸ ਨੂੰ ਪੰਘੂੜੇ ਵਿਚ ਸੁਲਾ ਕੇ, ਰਸੋਈ ਵਿਚ ਅੰਨ-ਜਲ ਕਰਨ ਜਾ ਲੱਗੀ। ਇਹ ਅਚਾਨਕ ਜਾਗ ਪਈ ਤੇ ਰੋਣ ਲੱਗ ਪਈ। ਝੱਟਪੱਟ ਇਕ ਗੋਲੀ (ਨੌਕਰਰਾਣੀ) ਨੇ ਵਰ੍ਹਾਉਣ ਖਾਤਰ ਇਸ ਨੂੰ ਆਪਣਾ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ, ਫੌਰਨ ਭੱਜ ਕੇ ਮੈਂ ਇਸ ਦੇ ਮੂੰਹੋਂ ਉਂਗਲੀ ਨਾਲ ਚੁੰਘਿਆ ਦੁੱਧ ਕੱਢ ਤਾਂ ਦਿੱਤਾ। ਪਰ ਫਿਰ ਵੀ ਕੁਝ ਬੂੰਦਾਂ ਇਸਨੇ ਅੰਦਰ ਲੰਘਾ ਲਈਆਂ ਸਨ। ਸੋ ਪਤੀ ਦੇਵ ਜੀ, ਇਕ ਗੁਲਾਮ ਔਰਤ ਦੇ ਚੁੰਘੇ ਹੋਏ ਦੁੱਧ ਦੀਆਂ ਕੁਝ ਬੂੰਦਾਂ ਨੇ ਹੀ ਇਹ ਕਰਿਸ਼ਮਾ ਵਿਖਾ ਦਿੱਤਾ ਕਿ ਅਕਬਰ ਜਿਹੇ ਬਾਦਸ਼ਾਹ ਅੱਗੇ ਸਿਰ ਨਾ ਝੁਕਾਉਣ ਵਾਲੇ ਮਹਾਰਾਣਾ ਪ੍ਰਤਾਪ ਦੀ ਧੀ ਦੇ ਦਿਲ ਵਿਚ 'ਈਨ ਮੰਨ ਲੈਣ' ਦੀ ਕਾਇਰਤਾ ਪੈਦਾ ਕਰ ਦਿੱਤੀ!!....ਬ-ਕੌਲ ਡਾ. ਮੁਹੰਮਦ ਇਕਬਾਲ,
ਤੇਰੀ ਜ਼ਿੰਦਗੀ ਇਸੀ ਸੇ, ਤੇਰੀ ਆਬਰੂ ਇਸੀ ਸੇ
ਜੋ ਰਹੀ ਖੁਦੀ ਤੋ ਸ਼ਾਹੀ, ਨਾ ਰੋਤੀ ਤੋ 'ਰੂ-ਸਿਆਹੀ'!
(ਰੂ-ਸਿਆਹੀ - ਮੂੰਹ ਕਾਲਾ)
ਇਸੇ ਮਹਾਰਾਣੇ ਦੀ ਆਬਰੂ ਦੇ ਵੈਰੀ, ਅਕਬਰ ਦੇ ਦਰਬਾਰ ਵਿਚ ਜਾਣ ਸਮੇਂ ਇਕ ਮੀਰ ਜਾਂਦੇ ਨੇ ਆਪਣੇ ਸਿਰ ਬੰਨ੍ਹੀ ਹੋਈ ਪੱਗ ਉਤਾਰ ਕੇ ਕੱਛ 'ਚ ਲੈਂਦਿਆਂ, ਉਸ (ਅਕਬਰ) ਅੱਗੇ ਸਿਰ ਨਿਵਾਇਆ ਤਾਂ ਅੱਗਿਓ, ਬਾਦਸ਼ਾਹ ਦੇ ਪੁੱਛਣ ਤੇ ਮੀਰਜ਼ਾਦੇ ਨੇ ਜਵਾਬ ਦਿੱਤਾ ਸੀ, ਜਹਾਂ ਪਨਾਹ ਇਹ ਦਸਤਾਰ ਮੈਨੂੰ ਜੰਗਲਾਂ 'ਚ ਘੁੰਮਦੇ ਨੂੰ ਮਹਾਰਾਣੇ ਪ੍ਰਤਾਪ ਨੇ ਦਿੱਤੀ ਸੀ। ਉਸ ਨਾਲ ਕੀਤੇ ਹੋਏ ਕੌਲ ਨੂੰ ਪੁਗਾਉਂਦਿਆਂ ਮੈਂ ਆਪਣਾ ਸਿਰ ਤਾਂ ਤੁਹਾਡੇ ਅੱਗੇ ਝੁਕਾ ਦਿੱਤਾ, ਪਰ ਉਸਦੀ ਪੱਗ ਦੀ ਅਣਖ ਨੂੰ ਬਰਕਰਾਰ ਰੱਖਿਆ ਹੈ।
ਪੰਜਾਬ ਦੇ ਗੁਰੂ-ਕਿਆਂ ਲਾਲਾਾਂ ਦਾ ਇਤਿਹਾਸ ਵੀ ਐਸੀਆਂ ਬੇਅੰਤ ਮਿਸਾਲਾਂ ਨਾਲ ਭਰਿਆ ਪਿਆ ਹੈ। ਜਿਨ੍ਹਾਂ ਬਾਰੇ 'ਸਾਬਰ' ਕਵੀ ਕਹਿੰਦਾ ਏ, 'ਏਹ ਗਰਦਨ ਕਟ ਤਾਂ ਸਕਦੀ ਏ, ਪਰ 'ਸਾਬਰ' ਝੁਕ ਨਹੀਂ ਸਕਦੀ'! ਪਰ ਇਹ ਕਵਿਤਾ ਪੁਰਖ ਦੀ ਲੀਲਾ ਹੀ ਸਮਝੋ, ਕਦੇ-ਕਦੇ ਪਤਾ ਨਹੀਂ ਕੀ ਭਾਣਾ ਵਰਤ ਜਾਂਦਾ ਹੈ ਕਿ ਇਕ ਭਰਾ ਸਾਹਿਬ ਗੁਰੂ ਅਰਜਨ ਜੀ ਦੇ ਰੂਪ ਵਿਚ ਤੱਤੀਆਂ ਤਵੀਆਂ ਤੇ ਬਹਿ ਕੇ ਸ਼ਹਾਦਤਾਂ ਦਾ ਸਿਖਰ ਹੋ ਨਿੱਬੜਦਾ ਹੈ, ਪਰ ਉਸਦੇ ਇਲਾਹੀ ਜੋਤ ਦਾ ਭਰਾ ਪ੍ਰਿਥੀਆ, ਵਕਤ ਦੇ ਜਹਾਂਗੀਰ ਨਾਲ ਜਾ ਹੱਥ ਮਿਲਾਉਂਦਾ ਹੈ!

ਪਾਨੀ ਪਾਨੀ ਕਰ ਗਈ ਮੁਝ ਕੋ, ਕਲੰਦਰ ਕੀ ਯੇਹ ਬਾਤ,
ਤੂੰ ਝੁਕਾ ਜਬ ਗੈਰ ਕੇ ਆਗੇ, ਨਾ ਤਨ ਤੇਰਾ ਨਾ ਮਨ! (ਡਾ. ਇਕਬਾਲ)

ਤਰਲੋਚਨ ਸਿੰਘ ਦੁਪਾਲਪੁਰ