ਵਿਦੇਸ਼ ਵਿਚ ਰਹਿੰਦੇ ਆਪਣੇ ਧੀਆਂ-ਪੁੱਤਾਂ ਵਲੋਂ ਬੁਲਾਏ ਹੋਏ ਬਜ਼ੁਰਗਾਂ ਦੀ ਮਹਿਫਿਲ ਵਿਚ ਕੁਝ ਪਲ ਗੁਜ਼ਾਰਨ ਦਾ ਮੌਕਾ ਮਿਲਿਆ। ਉਮਰ ਦਾ ਵੱਡਾ ਹਿੱਸਾ ਆਪਣੀ ਜੰਮਣ-ਭੁਇੰ ਅਤੇ ਪਿਤਾ-ਪੁਰਖੀ ਸੱਭਿਆਚਾਰ ਵਿਚ ਬਤੀਤ ਕਰ ਆਏ ਇਨ੍ਹਾਂ ਬਾਬਿਆਂ ਵਿਚ ਇਕ ਬਾਪੂ ਬੜੇ ਜੋਸ਼ੀਲੇ ਢੰਗ ਨਾਲ ਵਿਦੇਸ਼ ਦੇ ਨਿਸ਼ੰਗਪੁਣੇ ਨੂੰ ਪਾਣੀ ਪੀ-ਪੀ ਕੋਸ ਰਿਹਾ ਸੀ। ਹੱਥ ਵਿਚ ਫੜੀ ਡੰਗੋਰੀ ਕਦੇ-ਕਦੇ ਉਤਾਂਹ ਨੂੰ ਉਲਾਰ ਕੇ ਉਹ ਪਰਦੇਸ ‘ਚ ਆਈਆਂ ਦੇਸੀ ਬੀਬੀਆਂ ਦੇ ਬਦਲੇ ਹੋਏ ਪਹਿਰਾਵੇ ਅਤੇ ਇਥੋਂ ਦੇ ਮੁੰਡੇ-ਕੁੜੀਆਂ ਦੀਆਂ ਮਨ-ਮਰਜ਼ੀਆਂ ਦੀ ਖੂਬ ਭੰਡੀ ਕਰ ਰਿਹਾ ਸੀ। ਖਾਸ ਕਰਕੇ ਘਰਾਂ ਵਿਚ ਚੱਤੋ ਪਹਿਰ ਚਲਦੇ ਟੀ. ਵੀ. ਵਿਰੁਧ ਉਹ ਇੰਜ ਚਿੱਥ-ਚਿੱਥ ਕੇ ਬੋਲ ਰਿਹਾ ਸੀ ਜਿਵੇਂ ਉਹ ਸਾਰੇ ਟੀ. ਵੀ. ਸੈਟਾਂ ਨੂੰ ਆਪਣੀ ਸੋਟੀ ਨਾਲ ਹੁਣੇ ਭੰਨ ਸੁੱਟਣਾ ਚਾਹੁੰਦਾ ਹੋਵੇ। ਉਹਦੀ ਜਾਚੇ ਦੇਸੀ ਪਰਿਵਾਰਾਂ ਨੂੰ ਬਦਰੰਗ ਕਰਨ ਦੀ ‘ਕਰਤੂਤ’ ਇਸ ਨਿਖਸਮੇ ਟੀ. ਵੀ. ਦੀ ਹੀ ਸੀ। ਉਸਦੇ ਬੋਲਣ-ਚੱਲਣ ਦੇ ਅੰਦਾਜ਼, ਕੱਦ-ਕਾਠ ਅਤੇ ਆਪਣੇ ਪੁੱਤਾਂ-ਨੂੰਹਾਂ, ਪੋਤੇ-ਪੋਤੀਆਂ ਵਿਰੁਧ ਕੱਢੀ ਭੜਾਸ ਨੇ ਮੇਰੇ ਚੇਤਿਆਂ ਵਿਚ ਸੁੱਤੇ ਪਏ ਉਹਦੇ ਵਰਗੇ ਹੀ ਇਕ ਬਜ਼ੁਰਗ ਨੂੰ ਉਠਾਲ ਲਿਆਂਦਾ।
ਅਜਿਹੀ ਇੱਛਾ ਤਾਂ ਭਾਈ ਵੀਰ ਸਿੰਘ ਜਿਹਾ ਕੋਈ ਦਰਵੇਸ਼ ਵਿਅਕਤੀ ਹੀ ਜਾਹਰ ਕਰ ਸਕਦਾ ਹੈ, ਜੋ ਅਠ੍ਹਾਰਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਦੀਵਾਨ ਕੌੜਾ ਮੱਲ, ਉਰਫ਼ ਮਿੱਠਾ ਮੱਲ ਦੇ ਖ਼ਾਨਦਾਨ ਨਾਲ ਸੰਬੰਧਤ ਹੁੰਦਿਆਂ ਹੋਇਆਂ ਵੀ ਇੰਝ ਆਖਦਾ ਹੈ :
‘ਮੇਰੀ ਛਿਪੇ ਰਹਿਣ ਦੀ ਚਾਹ ਮੈਂ ਨੀਵਾਂ ਉੱਗਿਆ!’
ਸਾਡੇ ਸਮਿਆਂ ਵਿਚ ਤਾਂ ਹਰ ਇਕ ਦੀ ਇਹੀ ਲਾਲਸਾ ਬਣੀ ਹੋਈ ਹੈ ਕਿ ਚਾਰ-ਚੁਫੇਰਿਓਂ ਮੇਰੇ ਹੀ ਨਾਂ ਦੀਆਂ ਗੂੰਜਾਂ ਪੈਣ। ਅਖ਼ਬਾਰਾਂ, ਮੈਗਜ਼ੀਨਾਂ ਅਤੇ ਇਲੈਕਟ੍ਰਾਨਿਕ ਮੀਡੀਏ ਵਿਚ ਮੇਰੀ ਹੀ ਚਰਚਾ ਹੋਵੇ। ਕਰਤੂਤ ਭਾਵੇਂ ਵਿਚ ਕੋਈ ਹੋਵੇ ਜਾਂ ਨਾ ਹੋਵੇ ਪਰ ਲੋਕਾਂ ਵਿਚ ਮੇਰੀ ਹੀ ਪ੍ਰਭਤਾ ਫ਼ੈਲਣੀ ਚਾਹੀਦੀ ਹੈ। ਸਾਡੇ ਆਲੇ-ਦੁਆਲੇ ਭਾਰੀ ਗਿਣਤੀ ਵਿਚ ਸਭਾ ਸੁਸਾਇਟੀਆਂ ਜਾਂ ਸੰਸਥਾਵਾਂ ਬਣਦੀਆਂ ਹਨ, ਫਿਰ ਟੁੱਟਦੀਆਂ ਹਨ। ਅਜਿਹੀ ਟੁੱਟ-ਭੱਜ ਹੋਣ ਦਾ ਸਭ ਤੋਂ ਵੱਡਾ ਕਾਰਨ ਵੀ ਕੁਝ ਵਿਅਕਤੀਆਂ ਦੀ ਹਊਮੈ ਹੀ ਹੁੰਦੀ ਹੈ। ਹਰ ਸਭਾ ਸੁਸਾਇਟੀ ਦਾ ਹਰੇਕ ਮੈਂਬਰ ਚਾਹੁੰਦਾ ਹੈ ਕਿ ਮੇਰੇ ਨਾਂ ਨਾਲ ਲੰਬੜਦਾਰੀ ਦਾ ਛੱਜ ਬੱਝਣਾ ਚਾਹੀਦਾ ਹੈ। ਪੁਆੜੇ ਦੀ ਜੜ੍ਹ ਬਣਨ ਵਾਲਾ ਲੰਬੜਦਾਰੀ ਦਾ ਛੱਜ ਹੀ, ਇਕ ਜਥੇਬੰਦੀਆਂ ਦੀਆਂ ਦੋ, ਫਿਰ ਅੱਗੇ ਦੋ ਤੋਂ ਤਿੰਨ ਅਤੇ ਤਿੰਨ ਤੋਂ ਚਾਰ ਬਣਾ ਛੱਡਦਾ ਹੈ।
ਸ਼ਾਇਦ ਇਹ ਕਥਨ ਕਿਸੇ ਕਵੀ ਜਾਂ ਵਾਰਤਕ ਲੇਖਕ ਦਾ ਘੜਿਆ ਹੋਇਆ ਹੀ ਹੋਵੇਗਾ ਕਿ ਇਕ ਚਿੱਤਰ, ਚਾਲੀ ਹਜ਼ਾਰ ਸ਼ਬਦਾਂ ਦਾ ਨਿਚੋੜ ਹੁੰਦਾ ਹੈ। ਮਤਲਬ ਕਿ ਕਿਸੇ ਚਿੱਤਰਕਾਰ ਦੇ ਬਣਾਏ ਹੋਏ ਚਿੱਤਰ ਨੂੰ ਜੇ ਲਿਖਤ ਰਾਹੀਂ ਦਰਸਾਉਣਾ ਹੋਵੇ ਤਾਂ ਘੱਟੋ-ਘੱਟ ਚਾਲੀ ਹਜ਼ਾਰ ਸ਼ਬਦ ਲਿਖਣੇ ਪੈਣਗੇ। ਹੁਣ ਤੁਸੀਂ ਦੱਸੋ-ਪੇਂਡੂ ਘਰ ਦੇ ਖੁੱਲ੍ਹੇ-ਚਪੱਟ ਵਿਹੜੇ ਵਿਚ ਹਰੀ ਭਰੀ ਨਿੰਮ ਦਾ ਦਰਖ਼ਤ ਖੜ੍ਹਾ ਹੈ - ਗੂੜ੍ਹੀ ਛਾਂ ਹੇਠ ਇਧਰ-ਉਧਰ ਸਣ ਤੇ ਸੁਣੱਕੜੇ ਦੇ ਬੁਣੇ ਹੋਏ ਮੰਜੇ ਡੱਠੇ ਹੋਏ ਨੇ-ਨਿੰਮ ਉੱਪਰ ਵੱਖ ਵੱਖ ਤਰ੍ਹਾਂ ਦੇ ਪੰਛੀਆਂ ਨੇ ਰੌਣਕ ਲਾਈ ਹੋਈ ਐ-ਨਿੰਮ ਦੇ ਇਕ ਮੋਟੇ ਟਾਹਣ ਨਾਲ ਪੀਂਘ ਪਈ ਹੋਈ ਹੈ- ਕੁੜੀਆਂ ਆਪਸ ਵਿੱਚੀਂ 'ਤੇਰੀ ਵਾਰੀ - ਮੇਰੀ ਵਾਰੀ' ਕਰਦੀਆਂ ਹੋਈਆਂ ਲੜਦੀਆਂ ਝਗੜਦੀਆਂ ਇਕ ਦੂਜੀ ਤੋਂ ਪੀਂਘ ਦਾ ਰੱਸਾ ਖੋਹੀ ਜਾਂਦੀਆਂ ਹਨ - ਇਕ ਪਾਸੇ ਕੱਚੀ ਖੁਰਲ੍ਹੀ ਤੇ ਬੱਝੀਆਂ ਹੋਈਆਂ ਗਾਵਾਂ ਮੱਝਾਂ ਜੁਗਾਲੀ ਕਰ ਰਹੀਆਂ ਨੇ- ਉਨ੍ਹਾਂ ਦੇ ਕੱਟੇ-ਵੱਛੇ ਆਪਣੀਆਂ ਮਾਵਾਂ ਦੇ ਥਣਾਂ ਵਲ ਦੇਖ ਦੇਖ ਤੀਂਘੜ ਰਹੇ ਨੇ- ਪੱਛੋਂ ਦੀ ਪੌਣ ਰੁਮਕ ਰਹੀ ਹੈ - ਇਕ ਮੰਜੇ 'ਤੇ ਆਪਣੀ ਮੌਜ 'ਚ ਬੈਠੇ ਸਾਡੇ ਪਿਤਾ ਜੀ ਕੋਲ ਗੁਆਂਢੀ ਪਿੰਡ ਰਾਣੇਵਾਲ ਦਾ ਚਿੱਟੇ ਕੱਪੜਿਆਂ ਵਾਲਾ ਬਾਪੂ ਗੇਂਦਾ ਸਿੰਘ ਆ ਬੈਠਾ ਹੈ - ਅਸੀਂ ਸਾਰੇ ਭੈਣ-ਭਰਾ ਬਾਬੇ ਨੂੰ 'ਸਾ-ਸਰੀ-ਕਾਲ' ਬੁਲਾਉਣ ਲਈ ਭੱਜਦੇ ਹਾਂ......ਐਸੇ ਮਾਹੌਲ ਦਾ ਦ੍ਰਿਸ਼-ਚਿਤਰਣ ਕਰਨ ਲਈ ਚਾਲੀ ਹਜ਼ਾਰ ਤਾਂ ਕੀ, ਅੱਸੀ ਹਜ਼ਾਰ ਸ਼ਬਦ ਵੀ ਥੋੜ੍ਹੇ ਹਨ!
